ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਵਲ ਸਰਜਨ ਦਫਤਰ 'ਚ ਤਾਇਨਾਤ ਜ਼ਿਲ੍ਹਾ ਪੋ੍ਗਰਾਮ ਮੈਨੇਜਰ (ਡੀਪੀਐੱਮ) ਤੇ ਸਟਾਫ ਦੇ ਮੈਂਬਰਾਂ 'ਚ ਵਿਵਾਦ ਲੰਬੇ ਸਮੇਂ ਤੋਂ ਚਰਚਾ 'ਚ ਰਿਹਾ। ਸਟਾਫ ਦੇ ਵਿਹਾਰ ਬਾਰੇ ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਸ਼ੁੱਕਰਵਾਰ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ।

ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫਤਰ 'ਚ ਤਾਇਨਾਤ ਡੀਪੀਐੱਮ ਵਿਨੇ ਮਲਹਣ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਦਾ ਜਲੰਧਰ ਤੋਂ ਤਰਨਤਾਰਨ 'ਚ ਤਬਾਦਲਾ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ 'ਚ ਉਨ੍ਹਾਂ ਨੂੰ ਦਫਤਰੀ ਵਿਹਾਰ 'ਚ ਸੁਧਾਰ ਕਰਨ ਲਈ ਚੇਤਾਵਨੀ ਵੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਸੁਧਾਰ ਨਹੀਂ ਹੋਇਆ। ਮਾਮਲੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਵਿਭਾਗ ਕੋਲ ਪਹੁੰਚੀਆਂ।

ਵਿਭਾਗ ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਵੀ ਗਠਿਤ ਕੀਤੀ ਗਈ ਸੀ। ਜਾਂਚ ਕਮੇਟੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਦੌਰਾਨ ਵਿਭਾਗ ਨੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਡੀਪੀਐੱਮ ਵਿਨੇ ਮਲਹਣ ਦੇ ਤਬਾਦਲੇ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ।