ਜਤਿੰਦਰ ਪੰਮੀ, ਜਲੰਧਰ

ਬਿਮਾਰੀਆਂ ਦਾ ਇਲਾਜ ਕਰਵਾਉਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅੱਜਕੱਲ੍ਹ ਹਰ ਵਿਅਕਤੀ ਐਂਟੀਬਾਇਓਟਿਕ ਦਵਾਈਆਂ 'ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਜਿਥੇ ਐਂਟੀਬਾਇਓਟਿਕ ਦਵਾਈਆਂ ਬਿਮਾਰੀ ਨੂੰ ਠੀਕ ਕਰਦੀਆਂ ਹਨ ਉਥੇ ਇਨ੍ਹਾਂ ਦਵਾਈਆਂ ਦਾ ਨੁਕਸਾਨ (ਸਾਈਡ ਇਫੈਕਟ) ਵੀ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੋਲਾਜਿਸਟ ਨੇ 18 ਤੋਂ 24 ਨਵੰਬਰ ਤਕ ਮਨਾਏ ਜਾ ਰਹੇ ਵਿਸ਼ਵ ਐਂਟੀਬਾਇਓਟਿਕ ਜਾਗਰੂਕਤਾ ਹਫਤੇ ਤਹਿਤ ਸਿਵਲ ਹਸਪਤਾਲ ਦੇ ਓਪੀਡੀ ਹਾਲ ਵਿਖੇ ਵਿਸ਼ਵ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਕਈ ਬਿਮਾਰੀਆਂ 'ਚ ਐਂਟੀਬਾਇਓਟਿਕ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਕਈ ਵਾਰੀ ਐਂਟੀਬਾਇਓਟਿਕ ਲੈਣ ਨਾਲ ਸਰੀਰ 'ਚ ਰੀਜਿਸਟੈਂਸ ਬਣ ਜਾਂਦੀ ਹੈ। ਉਸ ਤੋਂ ਬਾਅਦ ਉਹ ਦਵਾਈ ਦੇਣ ਨਾਲ ਮਰੀਜ਼ ਠੀਕ ਨਹੀਂ ਹੁੰਦਾ ਤੇ ਬਿਮਾਰੀ ਨੂੰ ਠੀਕ ਕਰਨ ਲਈ ਉਸ ਦਾ ਬਦਲਵਾਂ ਹੱਲ ਹੋਰ ਤੇਜ਼ ਐਂਟੀਬਾਇਓਟਿਕ ਦੇਣਾ ਪੈਂਦਾ ਜਿਸ ਨਾਲ ਉਸ ਦਵਾਈ ਦਾ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਈ ਵਾਰੀ ਮਰੀਜ਼ ਡਾਕਟਰ ਦੀ ਸਲਾਹ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਮੈਡੀਕਲ ਸਟੋਰ ਤੋਂ ਆਪ ਹੀ ਐਂਟੀਬਾਇਓਟਿਕ ਦਵਾਈ ਦਾ ਨਾਂ ਦੱਸ ਕੇ ਖਾ ਲੈਂਦੇ ਹਨ, ਜਿਸ ਨਾਲ ਸਰੀਰ ਨੂੰ ਠੀਕ ਕਰਨ ਦੀ ਬਜਾਏ ਹੋਰ ਬਿਮਾਰੀ ਸਹੇੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਐਂਟੀਬਾਇਓਟਿਕ ਦਾ ਸਾਡੇ ਸਰੀਰ ਉਪਰ ਕੀ ਅਸਰ ਕਰੇਗਾ। ਡਾਕਟਰ ਦੀ ਸਲਾਹ ਤੋਂ ਬਿਨਾ ਬੱਚਿਆਂ ਨੂੰ ਜ਼ਿਆਦਾ ਐਂਟੀਬਾਇਓਟਿਕ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ। ਇਹ ਦਵਾਈਆਂ ਲਿਵਰ ਤੇ ਗੁਰਦਿਆਂ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਐਂਟੀਬਾਇਓਟਿਕ ਨਹੀਂ ਲੈਣਾ ਚਾਹੀਦਾ। ਇਸ ਮੌਕੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਿਵਲ ਹਸਪਤਾਲ ਦੇ ਓਪੀਡੀ ਦੇ ਮਰੀਜ਼ ਤੇ ਉਨ੍ਹਾਂ ਨਾਲ ਅਟੈਂਡੈਟ ਹਾਜ਼ਰ ਸਨ।