ਸੀਨੀਅਰ ਸਟਾਫ ਰਿਪੋਰਟਰ , ਜਲੰਧਰ : ਸਿਹਤ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਤਾਇਨਾਤ ਪੋ੍ਗਰਾਮ ਅਫਸਰ ਮਰੀਜ਼ਾਂ ਦੀ ਸੇਵਾ ਲਈ ਉਤਾਰ ਦਿੱਤੇ ਹਨ। ਉੱਥੇ ਹੀ ਇਸ ਮਾਮਲੇ 'ਚ ਡਾਕਟਰਾਂ 'ਚ ਰੋਸ ਹੈ ਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨਾ ਮਜਬੂਰੀ ਬਣ ਗਿਆ ਹੈ। ਸਿਵਲ ਸਰਜਨ ਨੇ ਸਿਵਲ ਹਸਪਤਾਲ 'ਚ ਪੋ੍ਗਰਾਮ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ।

ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਸੂਬੇ 'ਚ ਮਾਹਰ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੁਖਤਾ ਕਦਮ ਚੁੱਕੇ। ਉਨ੍ਹਾਂ ਨੇ ਜ਼ਿਲ੍ਹਾ ਪੱਧਰ 'ਤੇ ਸਿਵਲ ਸਰਜਨ ਦਫਤਰ 'ਚ ਤਾਇਨਾਤ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਜ਼ਿਲ੍ਹਾ ਸਿਹਤ ਅਫਸਰ, ਜ਼ਿਲ੍ਹਾ ਡੈਂਟਲ ਅਫਸਰ ਅਤੇ ਸਹਾਇਕ ਸਿਵਲ ਸਰਜਨ ਨੂੰ ਸਵੇਰੇ 8 ਤੋਂ 11 ਵਜੇ ਤਕ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ 'ਚ ਓਪੀਡੀ 'ਚ ਮਰੀਜ਼ਾਂ ਦੀ ਜਾਂਚ ਤੇ ਇਲਾਜ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਸਕੱਤਰ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪੋ੍ਗਰਾਮ ਅਫਸਰਾਂ ਦੀ ਸਿਵਲ ਹਸਪਤਾਲ 'ਚ ਡਿਊਟੀ ਲਾ ਦਿੱਤੀ ਹੈ। ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਅੌਰਤਾਂ ਦੀਆਂ ਬਿਮਾਰੀਆਂ, ਜ਼ਿਲ੍ਹਾ ਪਰਿਵਾਰ ਕਲਿਆਣ ਅਫਸਰ ਡਾ. ਰਮਨ ਗੁਪਤਾ ਨੱਕ, ਕੰਨ ਤੇ ਗਲੇ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਨਰੇਸ਼ ਬਾਠਲਾ ਛਾਤੀ ਦੀਆਂ ਬਿਮਾਰੀਆਂ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਮੈਡੀਕਲ ਬੋਰਡ ਅਤੇ ਜ਼ਿਲ੍ਹਾ ਡੈਂਟਲ ਅਫਸਰ ਡਾ. ਬਲਜੀਤ ਰੂਬੀ ਨੂੰ ਦੰਦਾਂ ਦੇ ਵਿਭਾਗ ਦੇ ਮਰੀਜ਼ਾਂ ਦੀ ਸੇਵਾ ਲਈ ਭੇਜਿਆ ਗਿਆ ਹੈ।

----------------

ਪਹਿਲਾਂ ਵੀ ਆਏ ਸਨ ਹੁਕਮ, ਕੁਝ ਦਿਨ ਹੀ ਚੱਲੇ

ਡਾਕਟਰਾਂ ਦਾ ਕਹਿਣਾ ਹੈ ਕਿ ਕਰੀਬ ਇਕ ਦਹਾਕੇ ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪੱਧਰੀ ਪੋ੍ਗਰਾਮ ਅਫਸਰਾਂ ਦੀ ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ ਲਈ ਡਿਊਟੀਆਂ ਲਾਈਆਂ ਸਨ। ਕੁਝ ਦਿਨ ਤਕ ਕੰਮ ਪੂਰੇ ਜੋਸ਼ 'ਚ ਚੱਲਿਆ ਅਤੇ ਫਿਰ ਬੰਦ ਹੋ ਗਿਆ।

--------------

ਇਕ ਘੰਟਾ ਵੱਧ ਕਰਨਾ ਪਵੇਗਾ ਕੰਮ, ਦਫਤਰ ਸਿਵਲ ਸਰਜਨ ਦਾ ਕੰਮ ਵੀ ਹੋਵੇਗਾ ਪ੍ਰਭਾਵਿਤ

ਸਰਕਾਰੀ ਹੁਕਮਾਂ ਨੂੰ ਲੈ ਕੇ ਡਾਕਟਰਾਂ 'ਚ ਰੋਸ ਹੈ ਪਰ ਨਵੀਂ ਸਰਕਾਰ ਹੋਣ ਕਾਰਨ ਵਿਅਕਤ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਇਕ ਘੰਟਾ ਜ਼ਿਆਦਾ ਡਿਊਟੀ ਕਰਨੀ ਪਵੇਗੀ। ਉੱਥੇ ਹੀ ਸਿਵਲ ਸਰਜਨ ਦਫਤਰ 'ਚ ਸਵੇਰੇ 9 ਤੋਂ 11 ਵਜੇ ਤਕ ਅਧਿਕਾਰੀ ਆਪਣੇ ਕਮਰਿਆਂ 'ਚ ਮੌਜੂਦ ਨਹੀਂ ਹੋਣਗੇ। ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਮੈਡੀਕਲ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।