ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਬਿਹਤਰੀਨ ਮਾਡਲ ਪੇਸ਼
ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਸਫ਼ਲਤਾਪੂਰਵਕ ਸੰਪੰਨ
Publish Date: Tue, 02 Dec 2025 08:50 PM (IST)
Updated Date: Tue, 02 Dec 2025 08:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਆਪਣੇ ਆਖ਼ਰੀ ਦਿਨ ਸਫ਼ਲਤਾਪੂਰਵਕ ਸੰਪੰਨ ਹੋਈ। ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਦੇ 17 ਬਲਾਕਾਂ ਤੋਂ ਚੁਣੇ ਗਏ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਤੇ ਵਰਕਿੰਗ ਮਾਡਲ ਪੇਸ਼ ਕੀਤੇ। ਨੋਡਲ ਅਫ਼ਸਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵੱਲੋਂ ਭਾਗ ਲੈ ਰਹੇ ਸਮੂਹ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਤਮ ਵਿਸ਼ਵਾਸ ਤੇ ਰਚਨਾਤਮਕਤਾ ਨੂੰ ਅੱਗੇ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਸਕੂਲ ਆਫ਼ ਐਮੀਨੈਂਸ ਦੇ ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ। ਆਖ਼ਰੀ ਦਿਨ ਸੀਨੀਅਰ ਸੈਕੰਡਰੀ ਵਰਗ ਦੇ ਮੁਕਾਬਲੇ ਕਰਵਾਏ ਗਏ। ਹਰਿਤ ਊਰਜਾ, ਗਣਿਤਕ ਮਾਡਲਿੰਗ, ਸਿਹਤ ਤੇ ਸਫਾਈ, ਜਲ ਸਰੋਤਾਂ ਦੀ ਸੰਭਾਲ, ਟਿਕਾਊ ਖੇਤੀ, ਕੂੜਾ ਪ੍ਰਬੰਧਨ ਤੇ ਇਮਰਜਿੰਗ ਤਕਨੀਕ ਵਰਗੇ ਵਿਸ਼ਿਆਂ ਤੇ ਵਿਦਿਆਰਥੀਆਂ ਵੱਲੋਂ ਬੇਹਦ ਖ਼ੂਬਸੂਰਤ ਤੇ ਵਰਕਿੰਗ ਮਾਡਲ ਪੇਸ਼ ਕੀਤੇ ਗਏ। ਪ੍ਰੋਗਰਾਮ ਦੇ ਅਖ਼ੀਰ ’ਚ ਮੁੱਖ ਮਹਿਮਾਨ ਤੇ ਜੱਜਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।