ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਜ਼ਿਲ੍ਹਾ ਜਲੰਧਰ ਸਕੂਲ ਅਥਲੈਟਿਕਸ ਮੀਟ ਅੰਡਰ 14, 17 ਤੇ 19 ਸਾਲ (ਲੜਕੇ ਤੇ ਲੜਕੀਆਂ) ਵਰਗ ਦੇ ਮੁਕਾਬਲੇ 23 ਤੋਂ 25 ਅਕਤੂਬਰ ਤਕ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਟੀਸੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ 30 ਅਕਤੂਬਰ ਤੋਂ ਪੰਜਾਬ ਸਕੂਲ ਦੀ ਅਥਲੈਟਿਕਸ ਮੀਟ ਕਰਵਾਈ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਜ਼ਿਲ੍ਹਾ ਜਲੰਧਰ ਦੀ ਸਕੂਲ ਅਥਲੈਟਿਕਸ ਮੀਟ ਕਰਵਾਈ ਜਾਣੀ ਜ਼ਰੂਰੀ ਸੀ ਤਾਂ ਜੋ ਆਨ ਲਾਈਨ ਐਂਟਰੀ ਸਮੇਂ ਸਿਰ ਕਰਵਾਈ ਜਾ ਸਕੇ। ਇਸ ਮੌਕੇ ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਅਥਲੈਟਿਕਸ ਮੀਟ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਦੇ ਖੇਡ ਮੈਦਾਨ ਵਿਚ ਕਰਵਾਈ ਜਾਵੇਗੀ। ਉਨ੍ਹਾਂ ਨੇ ਜ਼ੋਨਲ ਸਕੱਤਰਾਂ ਨੂੰ ਅਪੀਲ ਕੀਤੀ ਕਿ ਜ਼ੋਨਲ ਖੇਡਾਂ ਵਿਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਦੀਆਂ ਲਿਸਟਾਂ ਦੀ ਆਨ ਲਾਈਨ ਐਂਟਰੀ ਕਰ ਦਿੱਤੀ ਜਾਵੇ, ਤਾਂ ਜੋ ਖਿਡਾਰੀਆਂ ਨੂੰ ਕੋਈ ਵੀ ਪਰੇੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਅਥਲੈਟਿਕਸ ਮੀਟ ਨੂੰ ਕਰਵਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਤੇ ਇਸ ਸਬੰਧੀ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਜ਼ੋਨਲ ਸਕੱਤਰ ਨੇ ਹੋਰ ਜਾਣਕਾਰੀ ਹਾਸਲ ਕਰਨੀ ਹੈ ਤਾਂ ਡੀਟੀਸੀ ਨਾਲ ਸੰਪਰਕ ਕਰ ਸਕਦਾ ਹੈ।