ਕੁਲਵਿੰਦਰ ਸਿੰਘ, ਜਲੰਧਰ : ਭਾਜਪਾ ਦੀਆਂ ਸੰਗਠਨਾਤਮਕ ਚੋਣਾਂ 'ਚ ਸਥਾਨਕ ਆਗੂਆਂ ਦਾ ਕਾਟੋ-ਕਲੇਸ਼ ਹਿੰਸਕ ਹੋ ਨਿੱਬੜਿਆ। ਮੰਡਲ ਇਕ ਦੀਆਂ ਚੋਣਾਂ ਤੋਂ ਸ਼ੁਰੂ ਹੋਇਆ ਵਿਵਾਦ ਮੰਡਲ ਦੋ ਦੀਆਂ ਚੋਣਾਂ ਨੂੰ ਰੋਕਣ ਨੂੰ ਅੰਜ਼ਾਮ ਤਕ ਲੈ ਗਿਆ। ਸਵੇਰੇ ਗੁਰੂ ਅਮਰਦਾਸ ਨਗਰ ਦੇ ਗੌਰੀ ਸ਼ੰਕਰ ਮੰਦਰ 'ਚ ਰੱਖੀ ਮੀਟਿੰਗ ਦੌਰਾਨ ਝਗੜੇ ਦੀ ਸ਼ੁਰੂਆਤ ਹੋਈ, ਜਿਸ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਨਵਲ ਕਿਸ਼ੋਰ ਕੰਬੋਜ ਤੇ ਰਵੀ ਮਹਿੰਦਰੂ ਦੀ ਰਾਠੌਰ ਸਮੱਰਥਕਾਂ ਨਾਲ ਬਹਿਸ ਹੋ ਰਹੀ ਸੀ। ਇਸ ਦੌਰਾਨ ਰਾਕੇਸ਼ ਰਾਠੌਰ ਦੇ ਕਰੀਬੀ ਅਮਿਤ ਭਾਟੀਆ ਬਹਿਸਬਾਜ਼ੀ ਦੀ ਮੋਬਾਈਲ ਫੋਨ 'ਤੇ ਵੀਡੀਓ ਬਣਾਉਣ ਲੱਗ ਗਏ। ਇਸ ਕਰਕੇ ਬਹਿਸਬਾਜ਼ੀ ਲੜਾਈ 'ਚ ਬਦਲ ਗਈ ਤੇ ਨਵਲ ਕਿਸ਼ੋਰ ਤੇ ਰਵੀ ਮਹਿੰਦਰੂ ਦੇ ਸਮੱਰਥਕਾਂ ਨੇ ਅਮਿਤ ਭਾਟੀਆ ਨਾਲ ਕੁੱਟਮਾਰ ਕੀਤੀ। ਅਮਿਤ ਭਾਟੀਆ ਨੂੰ ਥੱਪੜ ਮਾਰ ਕੇ ਧੱਕਾਮੁੱਕੀ ਵੀ ਕੀਤੀ ਗਈ।

ਦੱਸਣਾ ਬਣਦਾ ਹੈ ਕਿ ਇਸ ਮੌਕੇ ਸੰਗਠਨ 'ਤੇ ਰਾਕੇਸ਼ ਰਾਠੌਰ ਗਰੁੱਪ ਦਾ ਕਬਜ਼ਾ ਹੈ ਤੇ ਨਵਲ ਕਬੋਜ ਤੇ ਰਵੀ ਮਹਿੰਦਰੂ ਵੱਲੋਂ ਚੋਣਾਂ ਦੀ ਸੂਚਨਾ ਦਾ ਦੇਣ ਦਾ ਦੋਸ਼ ਲਾਇਆ ਜਾ ਰਿਹਾ ਸੀ ਤੇ ਚੋਣਾਂ ਦਾ ਕੋਰਮ ਪੂਰਾ ਨਾ ਹੋਣ ਦੀ ਦਲੀਲ ਦਿੱਤੀ ਜਾ ਰਹੀ ਸੀ। ਮਾਮਲਾ ਵਧਣ ਤੋਂ ਬਾਅਦ ਮੰਡਲ ਨੰਬਰ 1 ਦੀਆਂ ਚੋਣਾਂ 'ਤੇ ਰੋਕ ਲਾ ਦਿੱਤੀ ਗਈ। ਇਸੇ ਤਰ੍ਹਾਂ ਮੰਡਲ ਨੰਬਰ 2 ਵਿਚ ਵੀ ਚੋਣਾਂ ਨੂੰ ਲੈ ਕੇ ਹੰਗਾਮਾ ਹੋਇਆ। ਇਸ ਮੌਕੇ ਵੀ ਚੋਣਾਂ ਨੂੰ ਨਿਯਮਾਂ ਦੇ ਅਧੀਨ ਨਾ ਕਰਵਾਉਣ ਦੇ ਦੋਸ਼ ਲਗਾਏ ਗਏ। ਰੌਲਾ ਵਧਣ ਤੋਂ ਬਾਅਦ ਚੋਣਾਂ 'ਤੇ ਰੋਕ ਲਾ ਦਿੱਤੀ ਗਈ। ਇਨ੍ਹਾਂ ਝਗੜਿਆਂ ਦੌਰਾਨ ਚੋਣ ਕਮੇਟੀ ਦੇ ਇੰਚਾਰਜ ਦਿਆਲ ਸਿੰਘ ਸੋਢੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਨਾਂ ਦਾ ਘਿਰਾਓ ਵੀ ਕੀਤਾ ਗਿਆ। ਗੁਰੂ ਅਮਰਦਾਸ ਨਗਰ 'ਚ ਹੋਏ ਝਗੜੇ ਦੌਰਾਨ ਮਾਰਕੁੱਟ ਦਾ ਸ਼ਿਕਾਰ ਹੋਏ ਭਾਜਪਾ ਸਪੋਰਟਸ ਸੈੱਲ ਜਲੰਧਰ ਦੇ ਪ੍ਰਧਾਨ ਅਮਿਤ ਭਾਟੀਆ ਨੇ ਕਿਹਾ ਕਿ ਉਹ ਝਗੜੇ ਦੀ ਸ਼ਿਕਾਇਤ ਹਾਈ ਕਮਾਂਡ ਕੋਲ ਕਰਨਗੇ।

ਭਾਜਪਾ ਮੰਡਲ 4 ਤੇ 13 'ਚ ਭਿੜੇ ਭਾਜਪਾ ਵਰਕਰ

ਗੁਰਪ੍ਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਭਾਜਪਾ ਮੰਡਲ ਚੋਣਾਂ 'ਚ ਵਿਵਾਦ ਕਾਰਨ ਮੰਡਲ ਨੰ. 4 ਬੜਿੰਗ ਤੇ ਮੰਡਲ ਨੰ. 13 ਛਾਉਣੀ ਦੀ ਚੋਣ ਰੱਦ ਕਰਨੀ ਪਈ। ਮੰਡਲ ਨੰ. 4 ਬੜਿੰਗ ਦੀ ਚੋਣ ਪ੍ਰਕਿਰਿਆ ਰਾਮ ਕ੍ਰਿਸ਼ਨ ਮੰਦਰ ਬੜਿੰਗ 'ਚ ਰੱਖੀ ਗਈ ਸੀ। ਬੜਿੰਗ ਖੇਤਰ ਦੇ ਭਾਜਪਾ ਵਰਕਰਾਂ ਅੰਜੂ ਪ੍ਰਭਾਕਰ ਤੇ ਰਜਿੰਦਰ ਸ਼ਰਮਾ ਨੇ ਦੋਸ਼ ਲਗਾਇਆ ਕਿ ਇਲਾਕੇ 'ਚ ਭਾਜਪਾ ਦਾ ਝੰਡਾ ਉਨ੍ਹਾਂ ਨੇ ਚੁੱਕਿਆ ਹੋਇਆ ਹੈ ਪਰ ਉਨ੍ਹਾਂ ਨੂੰ ਮੰਡਲ ਪ੍ਰਧਾਨ ਦੀ ਚੋਣ ਦਾ ਕੋਈ ਇਲਮ ਨਹੀ ਸੀ। ਬੜਿੰਗ 'ਚ ਚੋਣ ਕਰਵਾਉਣ ਪਹੁੰਚੇ ਸੁਭਾਸ਼ ਸੂਦ ਤੇ ਦਿਆਲ ਸਿੰਘ ਸੋਢੀ ਨੂੰ ਭਾਜਪਾ ਵਰਕਰਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਚੋਣ ਰੱਦ ਕਰ ਦਿੱਤੀ ਗਈ। ਇਸੇ ਤਰ੍ਹਾਂ ਹੀ ਛਾਉਣੀ ਵਿਖੇ ਦੇਰ ਸ਼ਾਮ ਕਸਤੂਰਬਾ ਨਗਰ 'ਚ ਤਾਂ ਮਾਮਲਾ ਇੰਨਾ ਵਿਗੜ ਗਿਆ ਕਿ ਸਾਂਪਲਾ ਗਰੁੱਪ ਦੇ ਵਰਕਰਾਂ ਨੇ ਗੁਰਵਿੰਦਰ ਸਿੰਘ ਲਾਂਬਾ ਦੀ ਅਗਵਾਈ 'ਚ ਗਾਲੀ ਗਲੋਚ ਤੋਂ ਬਾਅਦ ਚੋਣ ਕਰਵਾਉਣ ਆਏ ਅਮਲੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਸੁਭਾਸ਼ ਸੂਦ ਤੇ ਰਮਨ ਬੱਬੀ ਵੱਲੋਂ ਬਚਾਅ ਕੀਤਾ।

ਮਾਮਲਾ ਉਸ ਵੇਲੇ ਵਿਗੜ ਗਿਆ ਜਦੋਂ ਲਾਂਬਾ ਤੇ ਉਸ ਦੇ ਸਮੱਰਥਕਾਂ ਨੂੰ ਚੋਣ ਖੇਤਰ 'ਚ ਜਾਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਲਾਂਬਾ ਦੇ ਸਮੱਰਥਕ ਅੱਗ ਬਬੂਲਾ ਹੋ ਗਏ ਤੇ ਗਾਲੀ ਗਲੋਚ 'ਤੇ ਉੱਤਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਮੰਡਲ ਪ੍ਰਧਾਨ ਦੀ ਚੋਣ ਕਰਵਾਉਣ ਲਈ ਵਰਕਰਾਂ ਨੂੰ ਵਿਸ਼ਵਾਸ 'ਚ ਨਹੀਂ ਲਿਆ ਗਿਆ।

ਡਾ. ਵਿਨੀਤ ਸ਼ਰਮਾ ਦੀ ਕਾਰਜਸ਼ੈਲੀ 'ਚ ਭਰੋਸਾ : ਪੱਬੀ

ਰਾਮਾਮੰਡੀ, ਅਮਰਜੀਤ ਸਿੰਘ ਲਵਲਾ : ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਨੇ ਸਰਬ-ਸੰਮਤੀ ਨਾਲ ਭਾਜਪਾ ਮੰਡਲ ਪ੍ਰਧਾਨ ਦੀ ਚੋਣ ਕਰਨ ਲਈ ਮੀਟਿੰਗ 'ਚ ਮੌਜੂਦ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ। ਰਮਨ ਪੱਬੀ ਨੇ ਕਿਹਾ ਕਿ ਚੋਣ ਵਰਕਰ ਦੀ ਦਿਨ ਰਾਤ ਸਖਤ ਮਿਹਨਤ ਕਰਕੇ ਜਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਨੀਤ ਸ਼ਰਮਾ ਦੀ ਅਗਵਾਈ 'ਚ ਪੂਰਾ ਭਰੋਸਾ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮੇਸ ਲਾਲ ਸਰਮਾ, ਸੰਜੀਵ ਸਰਮਾ, ਅਮਿਤ ਭਾਟੀਆ, ਨਿਤਿਨ ਬਰੋਲ, ਹੁਸ਼ਿਆਰੀ ਲਾਲ, ਬਾਬੂ ਅਰੋੜਾ, ਰਾਕੇਸ ਕਾਲੀਆ, ਵਿਸਵ ਗਰੋਵਰ ਸਮੇਤ ਹੋਰ ਹਾਜ਼ਰ ਸਨ।

ਸਰਬ-ਸੰਮਤੀ ਨਾਲ ਐਲਾਨੇ 6 ਮੰਡਲਾਂ ਦੇ ਅਹੁਦੇਦਾਰਾਂ

ਇਸ ਦੌਰਾਨ 6 ਮੰਡਲਾਂ ਦੇ ਅਹੁਦੇਦਾਰਾਂ ਦਾ ਸਰਬ-ਸੰਮਤੀ ਨਾਲ ਐਲਾਨ ਕਰ ਦਿਤਾ ਗਿਆ। ਚੋਣ ਅਧਿਕਾਰੀ ਦਿਆਲ ਸਿੰਘ ਸੋਢੀ ਤੇ ਸ਼ੁਭਾਸ਼ ਸੂਦ ਦੀ ਅਗਵਾਈ 'ਚ ਵਿਧਾਨ ਸਭਾ ਮੰਡਲ ਨੰ. 5 ਦੀ ਪ੍ਰਧਾਨਗੀ ਡਾ . ਵਿਨੀਤ ਸ਼ਰਮਾ, ਮੰਡਲ ਨੰ. 8 ਦੀ ਪ੍ਰਧਾਨਗੀ ਅਮਿਤ ਲੂਥਰਾ, ਮੰਡਲ 9 ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਰਵ ਸੇਠ , ਮੰਡਲ 10 ਦਾ ਪ੍ਰਧਾਨ ਦਵਿੰਦਰ ਭਾਰਦਵਾਜ ਤੇ ਮੰਡਲ 11 ਵਿਚ ਪ੍ਰਧਾਨ ਦੇ ਅਹੁਦੇ ਦੀ ਜਿੰਮੇਵਾਰੀ ਰਿਤੇਸ਼ ਨਿਹੰਗ ਨੂੰ ਸੌਂਪੀ ਗਈ। ਵਿਧਾਨ ਸਭਾ ਹਲਕਾ ਕੈਂਟ ਦੇ ਅਧੀਨ ਆਉਂਦੇ ਮੰਡਲ ਨੰਬਰ 12 ਦਾ ਪ੍ਰਧਾਨ ਅਮਰਜੀਤ ਸਿੰਘ ਗੋਲਡੀ ਨੂੰ ਚੁਣਿਆ ਗਿਆ। ਚੋਣ ਪ੍ਰਕ੍ਰਿਆ ਦੌਰਾਨ ਭਾਜਪਾ ਆਗੂ ਰਮਨ ਪੱਬੀ, ਮੁਨੀਸ਼ ਵਿਜ, ਰਾਜੀਵ ਢੀਂਗਰਾ, ਰਾਜੂ ਮਾਂਗੋ, ਵਿਨੀਤ ਧੀਰ, ਰਾਜੀਵ ਲੂਥਰਾ, ਅਸ਼ੋਕ ਚੱਡਾ, ਅਮਿਤ ਸਿੰਘ ਸੰਘਾ, ਕ੍ਰਿਪਾਲ ਸਿੰਘ ਬੂਟੀ, ਵਾਰਿਸ਼ ਮਿੰਟੂ, ਸੁਭਾਸ਼ ਭਗਤ, ਕੀਮਤੀ ਭਗਤ, ਸੰਜੀਵ ਸ਼ਰਮਾ, ਅਮਿਤ ਭਾਟੀਆ, ਹਰਜਿੰਦਰ ਸਿੰਘ ਬਾਬੂ ਅਰੋੜਾ, ਚੰਦਨ ਭਨੋਟ, ਤਜਿੰਦਰ ਵਾਲੀਆ, ਵਿਸ਼ਵ ਮਹਿੰਦਰੂ, ਅਰੁਣ ਮਲਹੋਤਰਾ, ਯਜੀਤ ਹੁਰੀਆ, ਸੰਜੀਵ ਸਨੀ ਭਗਤ, ਹਰਮੇਸ਼ ਲਾਲ, ਬ੍ਰਿਜ ਭੂਸ਼ਣ ਸ਼ਰਮਾ, ਪੰਕਜ ਕਾਲੀਆ, ਰਜਿੰਦਰ ਗੋਸਾਈ, ਹਰਪ੍ਰੀਤ ਬੇਦੀ, ਬੌਬਿਨ ਸ਼ਰਮਾ ਆਦਿ ਹਾਜ਼ਰ ਸਨ।

Posted By: Seema Anand