ਕੁਲਵਿੰਦਰ ਸਿੰਘ, ਜਲੰਧਰ : ਪੰਜਾਬ 'ਚ ਕਣਕ ਦੀ ਖ਼ਰੀਦ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਲਈ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ 'ਤੇ ਜਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ। ਇਹ ਮੰਗ ਕਣਕ ਦੀ ਮੰਡੀਕਰਨ ਦੀ ਸਮੱਸਿਆ ਦੇ ਮੁੱਦੇ 'ਤੇ ਅਕਾਲੀ ਦਲ ਦੇ ਵਿਧਾਇਕਾਂ ਦੇ ਵਫਦ ਨੇ ਰਾਜਪਾਲ ਦੇ ਨਾ 'ਤੇ ਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ ਰੱਖੀ। ਮੰਗ ਪੱਤਰ ਵਿੱਚ ਅਕਾਲੀ ਆਗੂਆਂ ਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜ਼ਿਆਦਾਤਰ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਘਾਟ ਹੈ ਜਿਸ ਕਰਕੇ ਕਣਕ ਦੀ ਖਰੀਦ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂਦ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਇਸਦੇ ਨਾਲ ਹੀ ਜੋ ਕਣਕ ਖਰੀਦੀ ਜਾ ਚੁੱਕੀ ਹੈ ਉਸਦੀ ਲਿਫਟਿੰਗ ਨਾ ਹੋਣ ਕਰਕੇ ਵੀ ਵੱਖ-ਵੱਖ ਮੰਡੀਆਂ ਵਿੱਚ ਕਣਕ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਕਈ ਮੰਡੀਆਂ ਵਿੱਚ ਨਵੀਂ ਜਿਣਸ ਰੱਖਣ ਲਈ ਵੀ ਥਾਂ ਨਹੀਂ ਬਚੀ ਤੇ ਮਜਬੂਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿੱਚ ਕਣਕ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫਸਲਾਂ ਦੀ ਅਦਾਇਗੀ ਦੇ ਮੁੱਦੇ 'ਤੇ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਨਵਾਂ ਪੋਰਟਲ ਲਗਾਤਾਰ ਕਈ-ਕਈ ਦਿਨ ਬੰਦ ਪਿਆ ਰਹਿੰਦਾ ਹੈ ਜਿਸ ਕਰਕੇ ਜਿਣਸ ਦਾ ਵੇਰਵਾ ਅੰਕਿਤ ਕਰਨਾ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ। ਇਸ ਨਾਲ ਵੱਡੇ ਪੱਧਰ ਤੇ ਭਿ੍ਸ਼ਟਾਚਾਰ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਜਿਣਸ ਦੇ ਵੇਰਵੇ ਪੋਰਟਲ ਤੇ ਅਪਲੋਡ ਨਾ ਹੋਣ ਸਦਕਾ ਕਿਸਾਨਾਂ ਨੂੰ ਅਦਾਇਗੀ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਆਗੂਆਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਪੁਰਾਣੇ ਪ੍ਰਬੰਧ ਮੁਤਾਬਿਕ ਸਮੇਂ ਸਿਰ ਜੂਟ ਦੀਆਂ ਬੋਰੀਆਂ ਦੇ ਆਰਡਰ ਕਿਉਂ ਨਹੀਂ ਦਿੱਤੇ ਗਏ ਅਤੇ ਸਮੇਂ ਸਿਰ ਬਾਰਦਾਨਾਂ ਕਿਉਂ ਨਹੀਂ ਖਰੀਦਿਆ ਗਿਆ । ਅਕਾਲੀ ਆਗੂਆਂ ਨੇ ਟੈਂਡਰ ਪ੍ਰਕਿਰਿਆ ਵਿੱਚ ਦੇਰੀ ਦੇ ਮੁੱਦੇ ਨੂੰ ਵੀ ਉਜਾਗਰ ਕੀਤਾ। ਅਕਾਲੀ ਵਿਧਾਇਕਾਂ ਨੇ ਪੀਪੀਈ ਦੇ ਬਾਰਦਾਨੇ ਨੂੰ ਖਰੀਦਣ ਉਪਰ ਵੀ ਕਈ ਤਰਾਂ ਦੇ ਸ਼ੰਕੇ ਜਾਹਰ ਕੀਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਜਾਣਬੁੱਝ ਕਿ ਜੂਟ ਬੈਗ ਦੀ ਖਰੀਦ 'ਚ ਦੇਰੀ ਕਰਕੇ ਪਹਿਲਾਂ ਜਾਣਬੁੱਝ ਕੇ ਬਾਰਦਾਨੇ ਦੀ ਕਿੱਲਤ ਪੈਦਾ ਕੀਤੀ ਗਈ ਅਤੇ ਫਿਰ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਸਥਾਨਕ ਪੱਧਰ 'ਤੇ ਪੀਪੀਈ ਤੋਂ ਤਿਆਰ ਬਾਰਦਾਨਾ ਮਹਿੰਗੇ ਭਾਅ ਉਪਰ ਖਰੀਦਿਆ ਗਿਆ ਤੇ ਇਸ ਵਿੱਚ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਹੋਇਆ ਹੈ। ਉਨਾਂ੍ਹ ਰਾਜਪਾਲ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਕਰੜੀ ਸਜਾ ਦਿਵਾਉਣ ਦੀ ਮੰਗ ਕੀਤੀ। ਅਕਾਲੀ ਵਿਧਾਇਕਾਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਬਾਰਦਾਨੇ ਦਾ ਸੁਚੱਜਾ ਪ੍ਰਬੰਧ ਕਰਕੇ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ 24 ਘੰਟਿਆਂ ਵਿੱਚ ਕਿਸਾਨਾਂ ਨੂੰ ਉਸਦੀ ਫਸਲ ਦੀ ਅਦਾਇਗੀ ਹਰ ਹਾਲਤ ਵਿੱਚ ਕੀਤੀ ਜਾਵੇ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ, ਵਿਧਾਇਕ ਬਲਦੇਵ ਖਹਿਰਾ, ਅਕਾਲੀ ਆਗੂ ਸਰਬਜੀਤ ਸਿੰਘ ਮੱਕੜ, ਸੇਠ ਸਤਪਾਲ ਮੱਲ, ਬਚਿੱਤਰ ਕੋਹਾੜ, ਚੰਦਨ ਗਰੇਵਾਲ, ਸੁਭਾਸ਼ ਸੋਂਧੀ, ਕਮਲਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।