ਆਧੁਨਿਕ ਚੁਣੌਤੀਆਂ ਦਾ ਸਾਰਥਕ ਹੱਲ ਹੋ ਸਕਦੈ ਪ੍ਰਾਚੀਨ ਗਿਆਨ : ਕਟਾਰੀਆ
ਪੰਜਾਬ ਦੇ ਰਾਜਪਾਲ ਨੇ ਐੱਲਪੀਯੂ ’ਚ ਏਆਈਯੂ ਨੌਰਥ ਜ਼ੋਨ ਵਾਈਸ ਚਾਂਸਲਰਜ਼ ਮੀਟ 2025-26 ਦਾ ਉਦਘਾਟਨ ਕੀਤਾ
Publish Date: Tue, 09 Dec 2025 07:05 PM (IST)
Updated Date: Tue, 09 Dec 2025 07:09 PM (IST)
--ਰਾਜਪਾਲ ਵੱਲੋਂ ਐੱਲਪੀਯੂ ’ਚ ਏਆਈਯੂ ਨੌਰਥ ਜ਼ੋਨ ਵਾਈਸ ਚਾਂਸਲਰਜ਼ ਮੀਟ ਦਾ ਉਦਘਾਟਨ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਐੱਲਪੀਯੂ ’ਚ ਐਸੋਸੀਏਸ਼ਨ ਆਫ਼ ਇੰਡੀਆ ਯੂਨੀਵਰਸਿਟੀਜ਼ (ਏਆਈਯੂ) ਦੀ ਉੱਤਰੀ ਖੇਤਰ ਵਾਈਸ ਚਾਂਸਲਰਜ਼ ਮੀਟ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ। “ਪਾਠਕ੍ਰਮ ਤੇ ਖੋਜ ’ਚ ਪ੍ਰਾਚੀਨ ਗਿਆਨ ਦਾ ਏਕੀਕਰਨ” ਵਿਸ਼ੇ ’ਤੇ ਆਧਾਰਿਤ ਦੋ-ਰੋਜ਼ਾ ਕਾਨਫਰੰਸ ’ਚ ਉੱਤਰ ਭਾਰਤ ਦੀਆਂ ਸਰਕਾਰੀ, ਨਿੱਜੀ ਤੇ ਆਟੋਨੋਮਸ ਯੂਨੀਵਰਸਿਟੀਆਂ ਦੇ 100 ਤੋਂ ਵੱਧ ਵਾਈਸ ਚਾਂਸਲਰ ਤੇ ਸਿੱਖਿਆ ਆਗੂਆਂ ਨੇ ਹਿੱਸਾ ਲਿਆ। ਉਦਘਾਟਨੀ ਭਾਸ਼ਣ ’ਚ ਰਾਜਪਾਲ ਨੇ ਕਿਹਾ ਕਿ ਭਾਰਤ ਦਾ ਪ੍ਰਾਚੀਨ ਗਿਆਨ ਆਧੁਨਿਕ ਚੁਣੌਤੀਆਂ ਲਈ ਮਹੱਤਵਪੂਰਣ ਹੱਲ ਪ੍ਰਦਾਨ ਕਰ ਸਕਦਾ ਹੈ।
ਉਨ੍ਹਾਂ ਅਧਿਆਪਕਾਂ ਦੀ ਭੂਮਿਕਾ ਨੂੰ ਸਮਾਜ ਦੀ ਨੀਂਹ ਕਰਾਰ ਦਿੰਦਿਆਂ ਕਿਹਾ ਕਿ ਸਿੱਖਿਆ ਨੂੰ ਚਰਿੱਤਰ ਨਿਰਮਾਣ ਤੇ ਸਮਾਵੇਸ਼ਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਐੱਲਪੀਯੂ ਦੀ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਥੋੜ੍ਹੇ ਸਮੇਂ ’ਚ ਵਿਸ਼ਵ ਰੈਂਕਿੰਗ ’ਚ ਮਹੱਤਵਪੂਰਨ ਥਾਂ ਬਣਾਈ ਹੈ। ਐੱਲਪੀਯੂ ਦੇ ਫਾਉਂਡਰ ਚਾਂਸਲਰ ਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਾਨਫਰੰਸ ਨੂੰ ਭਾਰਤੀ ਉੱਚ ਸਿੱਖਿਆ ਦੇ ਭਵਿੱਖ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀਆਂ ਤੋਂ ਪ੍ਰੇਰਿਤ ਤੇ ਵਿਸ਼ਵ ਪੱਧਰ ’ਤੇ ਸਫਲ ਸਿੱਖਿਆ ਮਾਡਲ ਬਣਾਉਣਾ ਸਾਂਝਾ ਲਕਸ਼ ਹੈ। ਏਆਈਯੂ ਦੇ ਪ੍ਰਧਾਨ ਪ੍ਰੋ. ਵਿਨੈ ਕੁਮਾਰ ਪਾਠਕ ਨੇ ‘ਤਕਨੀਕੀ ਸਵੈ-ਨਿਰਭਰਤਾ’ ’ਤੇ ਜ਼ੋਰ ਦਿੰਦਿਆਂ ‘ਮੇਡ ਇਨ ਇੰਡੀਆ ਤੋਂ ਮੇਡ ਬਾਏ ਇੰਡੀਆ’ ਦੀ ਦਿਸ਼ਾ ਵੱਲ ਅੱਗੇ ਵਧਣ ਦੀ ਅਪੀਲ ਕੀਤੀ। ਕਾਨਫਰੰਸ ’ਚ ਉਦਘਾਟਨੀ ਸੈਸ਼ਨ, ਤਿੰਨ ਤਕਨੀਕੀ ਸੈਸ਼ਨ ਤੇ ਪਾਠਕ੍ਰਮ ਏਕੀਕਰਨ ਤੇ ਇੰਟਰਡਿਸ਼ੀਪਲਿਨਰੀ ਰਿਸਰਚ ’ਤੇ ਵਿਚਾਰ-ਚਰਚਾ ਹੋਈ। ਇਸ ਮੀਟ ਤੋਂ ਤਕਨਾਲੋਜੀ-ਅਧਾਰਤ ਸਮਰੱਥਾ ਨਿਰਮਾਣ ਲਈ ਸਹਿਯੋਗੀ ਸਮੂਹ ਬਣਾਉਣ ਤੇ ਯੂਨੀਵਰਸਿਟੀਆਂ ਲਈ ਵਚਨਬੱਧਤਾ ਬਿਆਨ ਤਿਆਰ ਹੋਣ ਦੀ ਉਮੀਦ ਹੈ। ਇਸ ਸਮਾਗਮ ’ਚ ਡਾ. ਪੰਕਜ ਮਿੱਤਲ, ਕਰਨਲ ਡਾ. ਰਸ਼ਮੀ ਮਿੱਤਲ, ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਡਾ. ਲੋਵੀਰਾਜ ਗੁਪਤਾ, ਕਈ ਵਾਈਸ ਚਾਂਸਲਰ ਤੇ ਫੈਕਲਟੀ ਮੈਂਬਰ ਸ਼ਾਮਲ ਸਨ।