ਪੰਜਾਬੀ ਜਾਗਰਣ ਟੀਮ, ਰਾਜਪੁਰਾ/ਸਰਹਿੰਦ/ਪਠਾਨਕੋਟ/ਗੁਰਦਾਸਪੁਰ/ਜਲੰਧਰ : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਵੀਰਵਾਰ ਰਾਤ ਤੇਜ਼ ਹਨੇਰੀ ਝੱਖਡ਼ ਆਉਣ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚ ਇਕੋ ਪਰਿਵਾਰ ਦੇ ਚਾਰ ਜੀਆਂ ਸਣੇ 9 ਲੋਕਾਂ ਦੀ ਮੌਤ ਹੋ ਗਈ।

ਰਾਜਪੁਰਾ ਦੇ ਨੇੜਲੇ ਪਿੰਡ ਸੈਦਖੇੜੀ ਵਿਚ ਖੰਜੂਰ ਪੀਰ ਕੋਲ ਗਰੀਸ਼ (25), ਉਸ ਦੀ ਬੇਟੀ ਮਧੂ (6) ਤੇ ਰਾਧਿਕਾ (7) ਅਤੇ ਉਸ ਦੀ ਮਾਤਾ ਰਾਮ ਸ੍ਰੀ (60) ਜਦੋਂ ਆਪਣੀ ਝੁੱਗੀ ਵਿਚ ਸੁੱਤੇ ਪਏ ਸਨ ਤਾਂ ਨੇਡ਼ਲੇ ਘਰ ਦੀ ਦੀਵਾਰ ਉਨ੍ਹਾਂ ’ਤੇ ਡਿੱਗ ਗਈ, ਜਿਸ ਕਾਰਨ ਉਕਤ ਪਰਿਵਾਰ ਮਲਬੇ ਹੇਠਾਂ ਦੱਬਿਆ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਫਿਰ ਪੁਲਿਸ ਦੀ ਮਦਦ ਨਾਲ ਆਂਢ-ਗੁਆਂਢ ਦੇ ਲੋਕਾਂ ਨੇ ਮਲਬੇ ਹੇਠਾਂ ਦੱਬੇ ਪਰਿਵਾਰ ਨੂੰ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਪੁਰਾ ਦੇ ਹੀ ਨੇਡ਼ਲੇ ਪਿੰਡ ਖੇਡ਼ੀ ਗੰਡਿਆ ਵਿਚ ਵਾਪਰੀ, ਜਿੱਥੇ ਕਿਸਾਨ ਗੁਰਜੀਤ ਸਿੰਘ (40) ਜਦੋਂ ਆਪਣੇ ਖੇਤਾਂ ’ਚ ਪਾਣੀ ਲਾਉਣ ਲਈ ਮੋਟਰ ਚਲਾਉਣ ਗਿਆ ਤਾਂ ਮੀਂਹ ਕਾਰਨ ਮੋਟਰ ਵਾਲੇ ਕਮਰੇ ਵਿਚ ਹੀ ਥੋੜ੍ਹੀ ਦੇਰ ਲਈ ਰੁਕ ਗਿਆ। ਏਨੇ ਨੂੰ ਮੋਟਰ ਵਾਲੇ ਕਮਰੇ ’ਤੇ ਨੇਡ਼ੇ ਤੋਂ ਇਕ ਵੱਡਾ ਦਰੱਖ਼ਤ ਡਿੱਗ ਗਿਆ, ਜਿਸ ਕਾਰਨ ਗੁਰਜੀਤ ਦੀ ਮੌਤ ਹੋ ਗਈ। ਤੀਜੀ ਘਟਨਾ ਵੀ ਰਾਜਪੁਰਾ-ਪਟਿਆਲਾ ਰੋਡ ’ਤੇ ਬੱਬਰ ਢਾਬੇ ਨੇੜੇ ਖੜ੍ਹੇ ਇਕ ਕੰਟੇਨਰ ਦੇ ਪਲਟਣ ਕਾਰਨ ਵਾਪਰੀ। ਮੋਟਰਸਾਈਕਲ ਸਵਾਰ ਸ਼ੇਖਰ ਗਿਰ ਵਾਸੀ ਦੁਰਗ ਮੰਦਰ ਕਾਲੋਨੀ ਰਾਜਪੁਰਾ ਤੇਜ਼ ਹਨੇਰੀ ਝੱਖਡ਼ ਕਾਰਨ ਕੰਟੇਨਰ ਦੀ ਓਟ ਵਿਚ ਰੁਕ ਗਿਆ। ਇਸ ਦੌਰਾਨ ਕੰਟੇਨਰ ਪਲਟ ਗਿਆ ਤੇ ਸ਼ੇਖਰ ਹੇਠਾਂ ਦੱਬ ਗਿਆ। ਕਰੇਨ ਦੀ ਮਦਦ ਨਾਲ ਕੰਟੇਨਰ ਨੂੰ ਸਿੱਧਾ ਵੀ ਕੀਤਾ ਗਿਆ ਪਰ ਉਦੋਂ ਤਕ ਸ਼ੇਖਰ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ ਸਰਹਿੰਦ ਦੇ ਸਾਨੀਪੁਰ ਰੋਡ ’ਤੇ ਇਕ ਦੁਰਘਟਨਾ ਵਿਚ ਗੁਲਸ਼ਨ ਸਿੰਘ (23) ਨਿਵਾਸੀ ਮੀਰਪੁਰ ਦੀ ਮੌਤ ਹੋ ਗਈ। ਉਹ ਮੋਟਰਸਾਈਕਲ ’ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਹਨੇਰੀ ਕਾਰਨ ਸੜਕ ਵਿਚ ਡਿੱਗੇ ਦਰੱਖ਼ਤ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ।

ਪਠਾਨਕੋਟ ਦੇ ਧਾਰ ਕਲਾਂ ਖੇਤਰ ਵਿਚ ਵੀਰਵਾਰ ਸ਼ਾਮ ਬਾਰਿਸ਼ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਨਾਲ ਦਰਬਾਨ ਪਿੰਡ ਦੇ 58 ਸਾਲਾ ਦੇ ਸਵਰਣ ਸਿੰਘ ਗੁੱਡੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲੀਲ ਕਲਾਂ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਰੌਬਿਨਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਪਿੰਡ ਪੁਆਦਡ਼ਾ ਵਿਚ ਬੁਰਜ ਹਸਨ ਧੁੱਸੀ ਬੰਨ੍ਹ ’ਤੇ ਝੋਨਾ ਲਾ ਰਹੇ ਚਾਰ ਮਜ਼ਦੂਰਾਂ ’ਤੇ ਅਸਮਾਨੀ ਬਿਜਲੀ ਡਿੱਗੀ। ਇਨ੍ਹਾਂ ਵਿਚੋਂ ਦੋ ਮਜ਼ਦੂਰਾਂ ਮੁਹੰਮਦ ਰਸ਼ੀਦ (35), ਮਜਾਮੀਲ ਹੱਕ (40) ਨਿਵਾਸੀ ਦੀ ਹਾਲਤ ਗੰਭੀਰ ਹੈ। ਦੋਵਾਂ ਮਜ਼ਦੂਰਾਂ ਨੂੰ ਨੂਰਮਹਿਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪਾਵਰਕਾਮ ਨੂੰ 15 ਕਰੋੜ ਦਾ ਨੁਕਸਾਨ

ਵੀਰਵਾਰ ਦੇਰ ਸ਼ਾਮ ਤੇਜ਼ ਹਨੇਰੀ ਕਾਰਨ ਪੰਜਾਬ ਭਰ ਵਿਚ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰਾਂ ਦਾ ਵੱਡਾ ਨੁਕਸਾਨ ਹੋਇਆ। ਪੰਜਾਬ ਭਰ ਵਿਚ ਅੱਠ ਹਜ਼ਾਰ ਤੋਂ ਜ਼ਿਆਦਾ ਬਿਜਲੀ ਦੇ ਖੰਭੇ ਤੇ 250 ਤੋਂ ਜ਼ਿਆਦਾ ਟਰਾਂਸਫਾਰਮਰ ਨੁਕਸਾਨੇ ਗਏ, ਜਿਸ ਕਾਰਨ ਪਾਵਰਕਾਮ ਨੂੰ ਕਰੀਬ 15 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਕ ਹਫ਼ਤਾ ਪਹਿਲਾਂ ਵੀ ਹਨੇਰੀ ਕਾਰਨ ਪਾਵਰਕਾਮ ਨੂੰ ਅੱਠ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਇਸ ਕਾਰਨ ਸੂਬੇ ਭਰ ਦੇ ਵੱਖ-ਵੱਖ ਇਲਾਕਿਆਂ ਵਿਚ ਘੰਟਿਆਂਬੱਧੀ ਬਿਜਲੀ ਗੁਲ ਰਹੀ ਹੈ। ਮੀਂਹ ਕਾਰਨ ਰਾਹਤ ਦੀ ਗੱਲ ਇਹ ਰਹੀ ਕਿ ਪੰਜਾਬ ’ਚ ਬਿਜਲੀ ਦੀ ਜਿਹੜੀ ਮੰਗ 11 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ ਸੀ, ਉਹ ਸ਼ੁੱਕਰਵਾਰ ਸਵੇਰ ਤਕ ਚਾਰ ਹਜ਼ਾਰ ਮੈਗਾਵਾਟ ਤਕ ਹੀ ਰਹਿ ਗਈ।

Posted By: Seema Anand