ਜਤਿੰਦਰ ਪੰਮੀ, ਜਲੰਧਰ

ਕੋਰੋਨਾ ਦੀ ਦੂਸਰੀ ਲਹਿਰ ਲੋਕਾਂ ਲਈ ਖ਼ਤਰਨਾਕ ਸਾਬਤ ਹੋਣ ਲੱਗ ਪਈ ਹੈ। ਕੋਰੋਨਾ ਦੇ ਐਕਟਿਵ ਮਰੀਜ਼ਾਂ ਦਾ ਗ੍ਰਾਫ ਵੀ ਤੇਜ਼ੀ ਨਾਲ ਵਧ ਰਿਹਾ ਹੈ ਜੋ ਭਵਿੱਖ 'ਚ ਖ਼ਤਰੇ ਦੀ ਘੰਟੀ ਬਣ ਸਕਦੀ ਹੈ। ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦਾ ਅੰਕੜਾ ਮੰਗਲਵਾਰ ਨੂੰ 1037 ਤਕ ਪਹੁੰਚ ਗਿਆ। ਕੋਰੋਨਾ ਸ਼ਹਿਰ ਦੀਆਂ ਪਾਸ਼ ਕਾਲੋਨੀਆਂ 'ਚ ਤੇਜ਼ੀ ਨਾਲ ਪੈਰ ਪਸਾਰਣ ਲੱਗ ਗਿਆ ਹੈ। ਐੱਮਪੀ ਸੰਤੋਖ ਸਿੰਘ ਚੌਧਰੀ ਦਾ ਸੈਂਪਲ ਜਾਂਚ 'ਚ ਦੁਬਾਰਾ ਪਾਜ਼ੇਟਿਵ ਪਾਇਆ ਗਿਆ। ਮੰਗਲਵਾਰ ਨੂੰ 3 ਮਰੀਜ਼ਾਂ ਦੀ ਮੌਤ ਹੋ ਗਈ ਤੇ 107 ਵਿਅਕਤੀ ਪਾਜ਼ੇਟਿਵ ਪਾਏ ਗਏ। ਇਨ੍ਹਾਂ 'ਚੋਂ 13 ਮਰੀਜ਼ ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਹਨ ਅਤੇ ਜ਼ਿਲ੍ਹੇ ਦੇ 94 ਮਰੀਜ਼ ਸ਼ਾਮਲ ਹਨ। ਮੰਗਲਵਾਰ ਨੂੰ ਸਰਕਾਰੀ ਮੈਡੀਕਲ ਫਰੀਦਕੋਟ ਤੋਂ ਸੈਂਪਲਾਂ ਦੀ ਰਿਪੋਰਟ ਨਹੀਂ ਆਈ। ਸਰਕਾਰੀ ਲੈਬ ਤੋਂ 6 ਮਰੀਜ਼ਾਂ ਤੇ ਨਿਜੀ ਤੇ ਰੈਪਿਡ ਟੈਸਟਾਂ ਤੋਂ 101 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। 73 ਮਰੀਜ਼ਾਂ ਨੂੰ ਸਰਕਾਰੀ ਅਤੇ ਗ਼ੈਰ ਸਰਕਾਰੀ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ।

ਪਿਛਲੇ 36 ਦਿਨਾਂ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਦੋਗੁਣੀ ਦੇ ਕਰੀਬ ਹੋ ਗਈ ਹੈ। 17 ਅਕਤੂਬਰ ਨੂੰ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 588 ਸੀ ਤੇ 24 ਨਵੰਬਰ ਨੂੰ 1037 ਤਕ ਪਹੁੰਚ ਗਈ। ਇਨ੍ਹਾਂ ਮਰੀਜ਼ਾਂ ਦਾ ਇਲਾਜ ਡਾਕਟਰ ਦੀ ਨਿਗਰਾਨੀ 'ਚ ਆਈਸੋਲੇਸ਼ਨ ਵਾਰਡ 'ਚ ਕਰਨ ਦੀ ਲੋੜ ਪੈਂਦੀ ਹੈ। ਇਨ੍ਹਾਂ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਤਾਂ ਆਉਣ ਵਾਲੇ ਦਿਨਾਂ 'ਚ ਇਲਾਜ ਕਰਨ ਵਾਲੇ ਹਸਪਤਾਲਾਂ 'ਚ ਬੈੱਡ ਮਿਲਣ ਦੀ ਕਿੱਲਤ ਪੈਦਾ ਹੋਣ ਦਾ ਖ਼ਤਰਾ ਹੈ।

ਸਿਹਤ ਵਿਭਾਗ ਅਨੁਸਾਰ ਕੋਰੋਨਾ ਸ਼ਹਿਰ ਦੀਆਂ ਪਾਸ਼ ਕਾਲੋਨੀਆਂ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮੰਗਲਵਾਰ ਨੂੰ ਗੁਰਜੇਪਾਲ ਨਗਰ ਹਰਗੋਬਿੰਦ ਪੁਰਾ, ਜੀਟੀਬੀ ਨਗਰ ਤੇ ਸ਼ਹੀਦ ਊਧਮ ਸਿੰਘ ਨਗਰ 'ਚ 3-3, ਅਰਬਨ ਅਸਟੇਟ, ਮਾਡਲ ਟਾਊਨ ਅਤੇ ਸੂਰੀਆ ਇਨਕਲੇਵ ਤੋਂ 4-4, ਮਾਸਟਰ ਤਾਰਾ ਸਿੰਘ ਨਗਰ, ਸੰਤੋਖਪੁਰਾ, ਵਿਕਾਸਪੁਰੀ, ਜਲੰਧਰ ਹਾਈਟਸ, ਛੋਟੀ ਬਾਰਾਦਰੀ, ਹਰਬੰਸ ਨਗਰ, ਬਸਤੀ ਗੁਜ਼ਾਂ ਅਤੇ ਗੁਰੂ ਨਾਨਕ ਪੁਰਾ ਤੋਂ 2-2 ਅਤੇ ਪਿੰਡ ਬੜਿੰਗ ਤੋਂ 5 ਲੋਕਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ 'ਚ ਖੇਡ ਉਦਯੋਗ ਤੋਂ ਇਕ ਅਤੇ ਨਿਜੀ ਹਸਪਤਾਲ ਦੇ ਡਾਕਟਰ ਸਮੇਤ ਤਿੰਨ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਦੇਰੀ ਨਾਲ ਜਾਂਚ ਅਤੇ ਇਲਾਜ ਕਰਵਾਉਣ ਦੀ ਵਜ੍ਹਾ ਨਾਲ ਐਕਟਿਵ ਮਰੀਜ਼ਾਂ ਦਾ ਗਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਲੱਛਣਾਂ ਦੇ ਸ਼ੁਰੂਆਤੀ ਦੌਰ 'ਚ ਹੀ ਕੋਰੋਨਾ ਦੀ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਲੈਬ ਫਰੀਦਕੋਟ ਤੋਂ ਤਕਨੀਕੀ ਖਰਾਬੀ ਦੇ ਕਾਰਨ ਮੰਗਲਵਾਰ ਨੂੰ ਰਿਪੋਰਟ ਨਹੀਂ ਆਈ। ਸੋਮਵਾਰ ਨੂੰ ਸੈਂਪਲ ਵੀ ਘੱਟ ਲਏ ਗਏ ਸਨ। ਮੰਗਲਵਾਰ ਨੂੰ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 17165 ਅਤੇ ਮਰਨ ਵਾਲਿਆਂ ਦੀ 538 ਤਕ ਪਹੁੰਚ ਗਈ। 4532 ਨਵੇਂ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜ਼ਿਲ੍ਹੇ 'ਚ ਸੈਂਪਲਾਂ ਦੀ ਗਿਣਤੀ 357353 ਤਕ ਪਹੁੰਚ ਗਈ ਅਤੇ 321177 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ।

ਅੱਜ ਹੋਈਆਂ ਮੌਤਾਂ ਦਾ ਵੇਰਵਾ

ਉਮਰ ਲਿੰਗ ਪਤਾ ਹੋਰ ਮਿਬਾਰੀ ਮੌਤ ਦੀ ਜਗ੍ਹਾ

50 ਸਾਲ ਪੁਰੁਸ਼ ਸ਼ਹੀਦ ਬਾਬੂ ਲਾਭ ਸਿੰਘ ਨਗਰ ਸ਼ੂਗਰ ਨਿਜੀ ਹਸਪਤਾਲ

63 ਸਾਲ ਪੁਰਸ਼ ਮਾਡਲ ਹਾਊਸ ਕੋਈ ਨਹੀਂ ਨਿਜੀ ਹਸਪਤਾਲ

52 ਸਾਲ ਮਹਿਲਾ ਜੰਡਿਆਲਾ ਕੋਈ ਨਹੀਂ ਸਿਵਲ ਹਸਪਤਾਲ

ਅੱਜ ਪਾਜ਼ੇਟਿਵ ਆਏ ਮਰੀਜ਼ :

ਬੱਚੇ 12

ਅੌਰਤਾਂ 66

ਪੁਰਸ਼ 93