ਸਾਹਿਲ ਸ਼ਰਮਾ, ਨਕੋਦਰ : ਦਿ ਨਕੋਦਰ ਹਿੰਦੂ ਅਰਬਨ ਕੋਆਪ੍ਰਰੇਟਿਵ ਬੈਂਕ ਲਿਮਟਿਡ ਨਕੋਦਰ 'ਚ ਬੈਂਕ 'ਚ ਕਰਜ਼ਾ ਮਾਫ਼ੀ ਨੂੰ ਲੈ ਕੇ ਹੋਏ ਤਕਰਾਰ 'ਚ ਬੈਂਕ ਚੇਅਰਮੈਨ ਵੱਲੋਂ ਬੈਂਕ ਦੇ ਹੀ ਡਾਇਰੈਕਟਰ ਅਮਨ ਮਾਜੂ ਦੀ ਬੈਂਕ ਦਫਤਰ 'ਚ ਹੀ ਕੁੱਟਮਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਬੈਂਕ ਸਾਹਮਣੇ ਧਰਨਾ ਦਿੱਤਾ। ਇਸ ਧਰਨੇ 'ਚ ਵੱਖ-ਵੱਖ ਪਾਰਟੀਆਂ ਦੇ ਆਗੂ ਪਾਰਟੀ ਹਿੱਤਾਂ ਤੋਂ ਉਪਰ ਉੱਠ ਕੇ ਸ਼ਾਮਲ ਹੋਏ। ਧਰਨੇ ਦੌਰਾਨ ਕੁੱਟਮਾਰ ਤੇ ਬੈਂਕ 'ਚ ਚੱਲ ਰਹੇ ਭਿ੍ਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਡਾਇਰੈਕਟਰ ਅਮਨ ਮਾਜੂ ਨੇ ਕਿਹਾ ਕਿ ਬੁੱਧਵਾਰ ਨੂੰ ਬੈਂਕ 'ਚ ਹਰਦੀਪ ਸਿੰਘ ਦੇ ਕਰਜ਼ੇ ਨੂੰ ਮਾਫ਼ ਕਰਨ ਲਈ ਚੇਅਰਮੈਨ ਹਰੀ ਮਿੱਤਰ ਸੋਂਧੀ ਤੇ ਵਾਈਸ ਚੇਅਰਮੈਨ ਭੁਪਿੰਦਰ ਨਿਜਰ ਨੇ ਆਪਣੇ ਸਾਈਨ ਕਰਨ ਲਈ ਕਿਹਾ। ਉਸ ਦੇ ਨਾਂਹ ਕਰਨ 'ਤੇ ਉਸ ਨਾਲ ਚੇਅਰਮੈਨ ਨੇ ਕੁੱਟਮਾਰ ਕੀਤੀ ਅਮਨ ਨੇ ਭਿ੍ਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਜਿਸ ਹਰਦੀਪ ਸਿੰਘ ਦਾ ਕਰਜ਼ਾ ਮਾਫ਼ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੀ ਬੈਂਕ 'ਚ ਕੋਈ ਆਈਡੀ ਵੀ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਬੈਂਕ ਦਾ ਉਪ ਚੇਅਰਮੈਨ ਡਿਫਾਲਟਰ ਹਨ। ਬੈਂਕ 'ਚ ਕਈ ਰਜਿਸਟਰੀਆਂ ਗਾਇਬ ਹਨ।

ਧਰਨੇ ਦੌਰਾਨ ਬੈਂਕ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਖ਼ਿਲਾਫ਼ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਧਰਨੇ 'ਚ ਪਵਨ ਗਿੱਲ ਐੱਮਸੀ, ਰਮੇਸ ਸੋਂਧੀ ਐੱਮਸੀ ,ਭਾਜਪਾ ਆਗੂ ਸਤੀਸ ਬਜਾਜ, ਨਰੇਸ ਖਾਨ ਐੱਮਸੀ, ਪਿ੍ਰੰਸ ਗਿੱਲ, ਸਾਹਿਲ ਸ਼ਰਮਾ, ਧੀਰਜ ਭਟਾਰਾ,ਬਲਦੇਵ ਬੱਬੂ, ਲੱਕੀ ਟੰਡਨ, ਕੁਰਾਨ ਸ਼ਰਮਾ, ਵੀ ਸ਼ਾਮਿਲ ਹੋਏ. ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਬੈਂਕ 'ਚ ਕੁੱਟਮਾਰ ਦੀ ਘਟਨਾ ਨੂੰ ਗੁੰਡਾਗਰਦੀ ਦੀ ਘਟਨਾ ਕਿਹਾ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਬੈਂਕ 'ਚ ਹੋਏ ਘੁਟਾਲਿਆਂ ਸਬੰਧੀ ਜਾਂਚ ਦੀ ਮੰਗ ਕੀਤੀ। ਬੈਂਕ ਦੇ ਸਾਹਮਣੇ ਧਰਨਾ ਲੱਗਣ 'ਤੇ ਏਐੱਸਪੀ ਵਤਸਲਾ ਗੁਪਤਾ, ਪੁਲਿਸ ਪਾਰਟੀ ਨਾਇਬ ਤਹਿਸੀਲਦਾਰ ਪਹੁੰਚੇ। ਉਨ੍ਹਾਂ ਬੈਂਕ ਦੇ ਡਾਇਰੈਕਟਰ ਅਮਨ ਮਾਜੂ ਅਤੇ ਆਗੂਆਂ ਦੀ ਸ਼ਿਕਾਇਤ ਨੂੰ ਸੁਣਿਆ ਤੇ ਭਰੋਸਾ ਦਿੱਤਾ ਕਿ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏਐੱਸਪੀ ਵਤਸਲਾ ਗੁਪਤਾ ਨੇ ਕਿਹਾ ਕਿ ਕੁੱਟਮਾਰ ਤੇ ਬੈਂਕ ਚ ਭਿ੍ਸ਼ਟਾਚਾਰ ਦੇ ਵੱਖ-ਵੱਖ ਮਾਮਲੇ ਹਨ। ਬੈਂਕ ਸਬੰਧੀ ਜੋ ਵੀ ਦੋਸ਼ ਹਨ ਉਨ੍ਹਾਂ ਸਬੰਧੀ ਪੜਤਾਲ ਕੀਤੀ ਜਾਵੇਗੀ ਤੇ ਕੁੱਟਮਾਰ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਇਸ ਘਟਨਾ ਸਬੰਧੀ ਸੀਈਓ ਪ੍ਰਰੇਮ ਨਾਥ ਨੇ ਕਿਹਾ ਕਿ ਉਹ ਕੁੱਟਮਾਰ ਦੀ ਘਟਨਾ ਬਾਰੇ ਨਹੀਂ ਜਾਣਦੇ ਕਿਉਂਕਿ ਉਹ ਆਪਣੇ ਦਫਤਰ 'ਚ ਸਨ। ਬੈਂਕ ਵਿਚ ਕਿਸੇ ਦਾ ਵੀ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ। ਬੈਂਕ ਦਾ ਕੋਈ ਡਾਇਰੈਕਟਰ ਡਿਫਾਲਟਰ ਨਹੀਂ ਹੈ ਬੈਂਕ ਦਾ ਕੰਮ ਨਿਯਮਾਂ ਅਨੁਸਾਰ ਹੋ ਰਿਹਾ ਹੈ।

ਬੈਂਕ ਦੇ ਚੇਅਰਮੈਨ ਹਰੀ ਮਿੱਤਰ ਸੋਂਧੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਨ੍ਹਾਂ ਅਮਨ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਤੇ ਨਾ ਹੀ ਕਿਸੇ ਦੇ ਕਰਜ਼ੇ ਨੂੰ ਮਾਫ਼ ਕਰਨ ਦੀ ਗੱਲ ਹੈ। ਬੈਂਕ ਦੇ ਵਾਈਸ ਚੇਅਰਮੈਨ ਭੁਪਿੰਦਰ ਨਿੱਜਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਬੈਂਕ 'ਚ ਕਿਸੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਤੇ ਉਹ ਬੈਂਕ ਦੇ ਡਿਫਾਲਟਰ ਨਹੀਂ ਹਨ। ਬੈਂਕ ਨੇ ਜਿਸ ਨੂੰ ਕਰਜ਼ਾ ਦਿੱਤਾ ਹੈ ਜੇ ਉਹ ਡਿਫਾਲਟਰ ਹੈ ਤਾਂ ਬੈਂਕ ਕਾਰਵਾਈ ਕਰੇ। ਬੈਂਕ 'ਚ ਕਰਜ਼ਾ ਮਾਫ਼ੀ ਦੀ ਕੋਈ ਗੱਲ ਨਹੀਂ ਹੋਈ। ਬੈਂਕ 'ਚ ਸੀਸੀਟੀਵੀ ਕੈਮਰੇ ਲੱਗੇ ਹਨ ਜਿਨ੍ਹਾਂ ਦੀ ਫੁਟੇਜ਼ 'ਚ ਸੱਚਾਈ ਸਾਹਮਣੇ ਆ ਜਾਵੇਗੀ।