ਰਾਕੇਸ਼ ਗਾਂਧੀ, ਜਲੰਧਰ

ਸੀਆਈਏ ਸਟਾਫ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਘਾਹ ਮੰਡੀ ਚੌਕ ਵਿਚ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਕਰੋੜਾਂ ਦੀ ਹੈਰੋਇਨ, ਇਕ ਪਿਸਤੌਲ, ਰੌਂਦ ਤੇ ਡਰੱਗ ਮਨੀ ਬਰਾਮਦ ਕੀਤੀ।

ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਤੂਰ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੇ ਬਾਬੂ ਜਗਜੀਵਨ ਰਾਮ ਚੌਕ 'ਚ ਨਾਕੇਬੰਦੀ ਕੀਤੀ ਹੋਈ ਸੀ ਕਿ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਸ਼ੇ ਦਾ ਤਸਕਰ ਦੀਪਕ ਕਪੂਰ ਉਰਫ਼ ਦੀਪੂ ਵਾਸੀ ਗਾਂਧੀ ਕੈਂਪ ਇਸ ਵੇਲੇ ਕਰੋੜਾਂ ਦਾ ਨਸ਼ਾ ਲੈ ਕੇ ਘਾਹ ਮੰਡੀ ਚੌਕ ਵੱਲ ਕਿਸੇ ਵਿਅਕਤੀ ਨੂੰ ਦੇਣ ਲਈ ਆਉਣ ਵਾਲਾ ਹੈ। ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਪੁਲਿਸ ਸਮੇਤ ਉਕਤ ਥਾਂ 'ਤੇ ਨਾਕੇਬੰਦੀ ਹੋਰ ਵੀ ਸਖ਼ਤ ਕਰ ਦਿੱਤੀ। ਜਦੋਂ ਮੋਟਰਸਾਈਕਲ ਨੰਬਰ ਪੀਬੀ 08 ਸੀਯੂ 3581 'ਤੇ ਆ ਰਹੇ ਨੌਜਵਾਨ ਨੇ ਪੁਲਿਸ ਨਾਕਾ ਦੇਖਿਆ ਤਾਂ ਪਿਛਾਂਹ ਮੁੜਨ ਲੱਗਾ। ਪੁਲਿਸ ਨੇ ਉਸ ਨੂੰ ਰੋਕ ਕੇ ਜਦੋਂ ਮੋਢੇ ਉੱਤੇ ਟੰਗੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਕਿਲੋ ਪੰਜ ਗ੍ਰਾਮ ਹੈਰੋਇਨ ਮਿਲੀ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਦੱਸੀ ਜਾਂਦੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੀਪੂ ਨਸ਼ੇ ਤਸਕਰੀ ਦਾ ਧੰਦਾ ਕਾਫ਼ੀ ਲੰਮੇ ਸਮੇਂ ਤੋਂ ਕਰ ਰਿਹਾ ਹੈ। ਦੀਪੂ ਖਿਲਾਫ ਥਾਣਾ ਲਾਲੜੂ ਮੁਹਾਲੀ ਤੇ ਸਦਰ ਪੁਲਸ ਸਟੇਸ਼ਨ ਜਲੰਧਰ 'ਚ ਵੀ ਮਾਮਲੇ ਦਰਜ ਹਨ ਜਿਸ 'ਚ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆਂ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਪੰਜ 'ਚ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਦੇ ਨੈੱਟਵਰਕ ਨੂੰ ਵੀ ਬਰੇਕ ਕੀਤਾ ਜਾਵੇਗਾ। ਪ੍ਰਰੈੱਸ ਕਾਨਫਰੰਸ ਵਿਚ ਪੁਲਿਸ ਕਮਿਸ਼ਨਰ ਤੋਂ ਇਲਾਵਾ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਗੁਰਬਾਜ਼ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।