ਮਹਿੰਦਰ ਰਾਮ ਫੁਗਲਾਣਾ, ਜਲੰਧਰ : ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕ ਸਮਾਰਕ ਜਲਿ੍ਹਆਂਵਾਲਾ ਬਾਗ਼ ਨਾਲ ਸੁੰਦਰੀਕਰਨ ਤੇ ਨਵੀਨੀਕਰਨ ਦੇ ਨਾਂ 'ਤੇ ਕੀਤੀ ਗਈ ਛੇੜਛਾੜ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਦਾ ਇਕ ਵਫ਼ਦ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰਰੀਤ ਸਿੰਘ ਖਹਿਰਾ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ। ਕਮੇਟੀ ਦੇ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਮੀਤ ਪ੍ਰਧਾਨ ਕਾਮਰੇਡ ਸੀਤਲ ਸਿੰਘ ਸੰਘਾ, ਜਨਰਲ ਸਕੱਤਰ ਕਾਮਰੇਡ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਕਾਮਰੇਡ ਰਣਜੀਤ ਸਿੰਘ ਅੌਲਖ ਅਤੇ ਟਰੱਸਟ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਉਨ੍ਹਾਂ ਨੂੰ ਨਵੀਨੀਕਰਨ ਦੇ ਨਾਂ 'ਤੇ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਰੋਸ ਪ੍ਰਗਟ ਕੀਤਾ ਕਿ ਇਹ ਤਬਦੀਲੀਆਂ ਇਸ ਇਤਿਹਾਸ ਧਰੋਹਰ ਨਾਲ ਕੋਝਾ ਮਜ਼ਾਕ ਹੈ, ਜਿਸ ਨੂੰ ਦੇਸ਼ ਭਗਤ ਆਵਾਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਬਾਗ਼ ਦੀ ਮੁੱਖ ਗਲੀ, ਜਿਸ ਰਾਹੀਂ ਜਨਰਲ ਡਾਇਰ ਅੰਦਰ ਗਿਆ ਸੀ, ਇਕੱਠ 'ਤੇ ਗੋਲੀ ਚਲਾਉਣ ਵਾਲੀ ਥਾਂ, ਸ਼ਹੀਦੀ ਜੋਤੀ, ਸ਼ਹੀਦੀ ਖੂਹ ਅਤੇ ਗੈਲਰੀਆਂ ਵਿਚ ਸਾਕੇ ਨਾਲ ਸਬੰਧਤ ਕੁਝ ਤਸਵੀਰ ਹਟਾਉਣ ਅਤੇ ਲੱਗੀਆਂ ਕੁਝ ਤਸਵੀਰ ਹੇਠ ਗਲਤ ਨਾਂ ਲਿਖੇ ਜਾਣ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਸਾਮਰਾਜ ਵੱਲੋਂ ਕੀਤੇ ਗਏ ਉਸ ਖੂਨੀ ਸਾਕੇ ਦੀ ਲੋਅ ਨੂੰ ਮੱਧਮ ਕਰਨ ਲਈ ਸੁੰਦਰੀਕਰਨ ਦੇ ਨਾਂ 'ਤੇ ਵਿਗਾੜ ਕੀਤਾ ਗਿਆ ਹੈ, ਜਦੋਂ ਕਿ ਇਸ ਯਾਦਗਾਰ ਦੀ ਅਸਲ ਇਤਿਹਾਸਕ ਦਿੱਖ ਨੂੰ ਸੰਭਾਲਣ ਦੀ ਲੋੜ ਸੀ। ਡਿਪਟੀ ਕਮਿਸ਼ਨਰ ਖਹਿਰਾ ਨੇ ਵਫ਼ਦ ਦੀਆਂ ਮੰਗਾਂ ਨੂੰ ਬਹੁਤ ਸੰਜੀਦਗੀ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਕਮੇਟੀ ਦੇ ਇਨ੍ਹਾਂ ਜਜ਼ਬਾਤਾਂ ਅਤੇ ਮੰਗਾਂ ਨੂੰ ਸਬੰਧਤ ਵਿਭਾਗ ਅਤੇ ਅਧਿਕਾਰੀਆਂ ਕੋਲ ਪਹੁੰਚਾਉਣਗੇ। ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਜਲਿ੍ਹਆਂਵਾਲਾ ਬਾਗ਼ ਦੀ ਸੰਭਾਲ ਕੌਮੀ ਜਲਿ੍ਹਆਂਵਾਲਾ ਟਰੱਸਟ ਦੇ ਅਧੀਨ ਹੈ, ਜਿਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।