ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਸਤਿਗੁਰੂ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਤੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਟਰੱਸਟ ਮੈਂਬਰਾਂ ਤੇ ਸੇਵਾਦਾਰਾਂ ਦੀ ਸ਼ਮੂਲੀਅਤ 'ਚ ਹੋਈ। ਮੀਟਿੰਗ ਉਪਰੰਤ ਟਰੱਸਟ ਨੇ ਦੱਸਿਆ ਕਿ ਦੁਨੀਆ ਭਰ ਦੀ ਸਮੱੁਚੀ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ 'ਚ ਉਸ ਸਮੇਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪਾਵਨ ਪ੍ਰਕਾਸ਼ ਪੁਰਬ ਅਤੇ ਲੱਖਾਂ ਸ਼ਰਧਾਲੂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਹਿੱਤ ਰੱਖਣ 'ਤੇ ਰਵਿਦਾਸੀਆ ਨਾਮਲੇਵਾਂ ਸੰਗਤ ਵੱਲੋਂ ਲਾਈ ਪੁਰਜ਼ੋਰ ਗੁਹਾਰ ਤਹਿਤ ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਮਿਟੀ 14 ਫਰਵਰੀ ਤੋਂ ਬਦਲ ਕੇ 20 ਫਰਵਰੀ 2022 ਨੂੰ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਮਿਤੀ ਨੂੰ ਅਗਾਂਹ ਪਾਉਣ ਦੇ ਸੰਦਰਭ ਤਹਿਤ ਡੇਰੇ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ, ਡੇਰੇ ਦੇ ਟਰੱਸਟ ਮੈਂਬਰਾਨ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ 'ਤੇ ਚੋਣ ਕਮਿਸ਼ਨ, ਪ੍ਰਧਾਨ ਮੰਤਰੀ, ਸੂਬਾ ਮੁੱਖ ਮੰਤਰੀ ਦੇ ਨਾਲ-ਨਾਲ ਸਾਰੀਆਂ ਹੀ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ, ਸੰਤ ਮਹਾਪੁਰਸ਼ਾਂ ਦੇ ਨਾਲ-ਨਾਲ ਸਮੂਹ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸਾਰੇ ਹੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਦੀ ਮਿਤੀ ਨੂੰ ਅਗਾਂਹ ਪਾਉਣ ਵਾਸਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਹੋਇਆਂ ਪੁਰਜ਼ੋਰ ਕੋਸ਼ਿਸ਼ਾਂ ਕਰਦਿਆਂ ਹੋਇਆਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਸਨ। ਇਸ ਮੌਕੇ ਡੇਰੇ ਦੇ ਟਰੱਸਟ ਜਨਰਲ ਸਕੱਤਰ ਐਡਵੋਕੇਟ ਸੱਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ, ਗਿਆਨ ਚੰਦ, ਸ਼ਾਮ ਲਾਲ, ਗੁਰਮੀਤ ਦਾਸ, ਦਵਿੰਦਰ ਦਾਸ, ਧਰਮ ਕੁਮਾਰ, ਬੀਪੀਈਓ ਮਹਿਮੀ ਤੇ ਹੋਰ ਹਾਜ਼ਰ ਸਨ।