ਜਤਿੰਦਰ ਪੰਮੀ, ਜਲੰਧਰ : ਪੰਜਾਬ ਪੁਲਿਸ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਪੰਜਾਬ ਵਿਚ ਸ਼ਾਂਤੀ ਤੇ ਅਮਨ ਨਾਲ ਰਹਿ ਰਹੇ ਹਾਂ। ਅੱਤਵਾਦ ਦੇ ਉਸ ਕਾਲੇ ਦੌਰ ਦੌਰਾਨ ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਬਹਾਲੀ ਲਈ ਪਾਏ ਯੋਗਦਾਨ ਲਈ ਉਨ੍ਹਾਂ ਦੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੀਏਪੀ ਵਿਖੇ ਅੱਤਵਾਦ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਜਾ ਰਹੇ 62ਵੇਂ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਹਿਣਾ ਕਿ ਸਰਹੱਦੀ ਵਿਚ ਇਲਾਕੇ ਦੇ 50 ਕਿਲੋਮੀਟਰ ਖੇਤਰ ਵਿਚ ਬੀਐੱਸਐੱਫ ਰਖਵਾਲੀ ਕਰੇਗੀ ਤਾਂ ਮੈਂ ਇਹ ਮਾਣ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਰਾਖੀ ਸਾਡੀ ਪੰਜਾਬ ਪੁਲਿਸ ਦੇ ਜਵਾਨ ਬਹੁਤ ਹੀ ਬਹਾਦਰੀ ਨਾਲ ਕਰ ਰਹੇ ਹਨ। ਪੰਜਾਬ ਵਿਚੋਂ ਅੱਤਵਾਦ ਨੂੰ ਖ਼ਤਮ ਕਰਨ ਵਾਲੀ ਸਾਡੀ ਪੰਜਾਬ ਪੁਲਿਸ ਦੇ ਜਵਾਨ ਸਰਹੱਦੀ ਖੇਤਰਾਂ ਵਿਚ ਦਿਨ ਰਾਤ ਬੀਐੱਸਐੱਫ ਦੀਆਂ ਮੌਜੂਦਾ ਸਰਹੱਦੀ ਖੇਤਰ ਤੋਂ ਪਹਿਲੀਆਂ ਚੌਕੀਆਂ ਵਿਚ ਚੌਕਸੀ ਨਾਲ ਤਾਇਨਾਤ ਰਹਿੰਦੇ ਹਨ। ਇਹ ਮੈਂ ਪਿਛਲੇ ਦਿਨਾਂ ਦੌਰਾਨ ਸਰਹੱਦੀ ਖੇਤਰਾਂ ਵਿਚ ਜਾ ਕੇ ਅੱਖੀਂ ਦੇਖ ਕੇ ਆਇਆ ਹਾਂ। ਇਸ ਲਈ ਪੁਲਿਸ ਦੇ ਜਵਾਨਾਂ ਦੇ ਸਿਰ ਉੱਤੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਸਰਹੱਦਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੀਏਪੀ ਪੁੱਜਣ ਉਤੇ ਪੰਜਾਬ ਪੁਲਿਸ ਦੇ ਘੁੜਸਵਾਰ ਦਸਤੇ ਨੇ ਅਗਵਾਈ ਕੀਤੀ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦਾਂ ਦੀ ਲਾਈ ਸੂਚੀ ਦੇਖ ਕੇ ਪੰਜਾਬ ਪੁਲਿਸ ਉਤੇ ਮਾਣ ਮਹਿਸੂਸ ਕੀਤਾ।

ਇਸ ਮੌਕੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ, ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Posted By: Ramandeep Kaur