ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਰਸਾਤ ਤੋਂ ਪਹਿਲਾਂ ਹੀ ਡੇਂਗੂ ਦਾ ਖ਼ੌਫ ਸਿਹਤ ਵਿਭਾਗ ਨੂੰ ਸਤਾਾਉਣ ਲੱਗਾ ਹੈ। ਕੋਰੋਨਾ ਤੋਂ ਬਾਅਦ ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ 'ਚ ਲੱਗ ਗਿਆ ਹੈ। ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੇਂਗੂ ਨਾਲ ਨਜਿੱਠਣ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਡੈਪੂਟੇਸ਼ਨ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। 'ਪੰਜਾਬੀ ਜਾਗਰਣ' ਵੱਲੋਂ ਪਿਛਲੇ ਮਹੀਨੇ ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਤਿਆਰੀ ਸਬੰਧੀ ਖਬਰ ਪ੍ਰਕਾਸ਼ਤ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਡੈਪੂਟੇਸ਼ਨ ਰੱਦ ਕਰ ਕੇ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਦਾ ਯਤਨ ਕੀਤਾ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਡੇਂਗੂ ਮਰੀਜ਼ ਪਹਿਲਾਂ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹਲਕੀ ਬਰਸਾਤ ਨਾਲ ਹੀ ਡੇਂਗੂ ਫੈਲਣ ਦੀਆ ਸੰਭਾਵਨਾਵਾਂ ਵਧ ਗਈਆਂ ਹਨ। ਆਉਣ ਵਾਲੇ ਦਿਨਾਂ 'ਚ ਹੋਣ ਵਾਲੀ ਬਰਸਾਤ 'ਚ ਡੇਂਗੂ ਵਧਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਸਿਹਤ ਵਿਭਾਗ ਨੇ ਡੈਪੂਟੇਸ਼ਨ 'ਤੇ ਹੋਰਨਾਂ ਜ਼ਿਲਿ੍ਹਆਂ 'ਚ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਅਸਲ ਤਾਇਨਾਤੀ ਵਾਲੇ ਸਥਾਨ 'ਤੇ ਡਿਊਟੀ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਦੀ ਡਾਇਰੈਕਟਰ ਡਾ. ਅਰੀਤ ਕੌਰ ਨੇ ਸਟੇਟ ਮਾਸ ਮੀਡੀਆ ਸਿੱਖਿਆ ਤੇ ਸੂਚਨਾ ਅਫਸਰ, ਸਹਾਇਕ ਕੈਮੀਕਲ ਐਗਜ਼ਾਮੀਨਰ, ਸਹਾਇਕ ਮਲੇਰੀਆ ਅਫਸਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ), ਸੀਨੀਅਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗੇ੍ਡ-1 ਤੇ 2, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਅਰਬਨ ਲੈਪੋਰੋਸੀ ਵਰਕਰ ਮੈਡੀਕਲ ਸੁਪਰਵਾਈਜ਼ਰ, ਟੀਬੀ ਹੈਲਥ ਵਿਜ਼ਟਰ ਤੇ ਡਾਇਲਾਸਿਸ ਟੈਕਨੀਸ਼ੀਅਨਾਂ ਦੀ ਡੈਪੂਟੇਰਸ਼ਨ ਤੁਰੰਤ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਉਕਤ ਮੁਲਾਜ਼ਮਾਂ ਨੂੰ ਰਿਲੀਵ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ 'ਚ 42 ਦੇ ਕਰੀਬ ਉਕਤ ਆਸਾਮੀਆਂ 'ਤੇ ਮੁਲਾਜ਼ਮ ਡੈਪੂਟੇਸ਼ਨ 'ਤੇ ਦੂਜੇ ਜ਼ਿਲਿ੍ਹਆਂ 'ਚ ਕੰਮ ਕਰ ਰਹੇ ਸਨ। ਵਿਭਾਗ ਦੇ ਹੁਕਮ ਜਾਰੀ ਹੁੰਦੇ ਹੀ 27 ਮਲਟੀਪਰਪਜ਼ ਸੁਪਰਵਾਈਜ਼ਰ (ਮੇਲ) ਵਾਪਸ ਆ ਗਏ ਹਨ। ਅਗਲੇ ਹਫਤੇ ਤਿੰਨ ਸਹਾਇਕ ਮਲੇਰੀਆ ਅਫਸਰ ਤੇ ਹੋਰ ਸਟਾਫ ਮੈਂਬਰ ਵਾਪਸ ਆ ਕੇ ਡਿਊਟੀ ਸੰਭਾਲਣਗੇ। ਜ਼ਿਲ੍ਹੇ 'ਚ ਇਸ ਸਾਲ ਡੇਂਗੂ ਦੇ 10 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੂੰ 29 ਘਰਾਂ 'ਚੋਂ ਲਾਰਵਾ ਮਿਲ ਚੁੱਕਾ ਹੈ। ਵਿਭਾਗ ਦੀਆਂ ਟੀਮਾਂ ਨੇ 8990 ਘਰਾਂ ਦਾ ਸਰਵੇ ਕੀਤਾ ਹੈ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਡੈਪੂਟੇਸ਼ਨ ਰੱਦ ਹੋਣ ਤੋਂ ਬਾਅਦ ਜ਼ਿਲ੍ਹੇ 'ਚ ਡੇਂਗੂ ਨਾਲ ਨਜਿੱਠਣ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਘਾਟ ਥੋੜ੍ਹੀ ਪੂਰੀ ਹੋਈ ਹੈ। ਵਿਭਾਗ ਨੇ ਲੋਕਾਂ ਨੂੰ ਡੇਂਗੂ ਤੋਂ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।