ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮੀਂਹ ਤੋਂ ਬਾਅਦ ਧੁੱਪ ਨਿਕਲਣ ਨਾਲ ਤਾਪਮਾਨ 'ਚ ਵਾਧਾ ਹੋਣ ਕਾਰਨ ਡੇਂਗੂ ਵੀ ਜ਼ੋਰ ਫੜਨ ਲੱਗਾ ਹੈ। ਆਉਣ ਵਾਲੇ ਦਿਨਾਂ 'ਚ ਡੇਂਗੂ ਦਾ ਲਾਰਵਾ ਵਧਣ ਦੀਆਂ ਸੰਭਾਵਨਾਵਾਂ ਵੀ ਵਧਣ ਲੱਗੀਆਂ ਹਨ। ਸਿਹਤ ਵਿਭਾਗ ਨੂੰ ਜ਼ਿਲ੍ਹੇ 'ਚ 1569 ਘਰਾਂ 'ਚ ਲਾਰਵਾ ਮਿਲ ਚੁੱਕਾ ਹੈ। ਹਾਲਾਂਕਿ ਸਿਹਤ ਵਿਭਾਗ ਦੀਆ ਟੀਮਾਂ ਨੇ ਲਾਰਵਾ ਨਸ਼ਟ ਕਰਵਾ ਦਿੱਤਾ ਹੈ ਪਰ ਖਤਰਾ ਅਜੇ ਕਾਇਮ ਹੈ। ਜ਼ਿਲ੍ਹੇ 'ਚ ਡੇਂਗੂ ਦੇ 108 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਂਹ ਤੋਂ ਬਾਅਦ ਜ਼ਿਲ੍ਹੇ ਦੇ ਹਾਈ ਰਿਸਕ ਇਲਾਕਿਆਂ 'ਚ ਡੇਂਗੂ ਦਾ ਖਤਰਾ ਮੰਡਰਾ ਰਿਹਾ ਹੈ। ਜਲੰਧਰ ਛਾਉਣੀ, ਵੜਿੰਗ, ਰਾਮਾ ਮੰਡੀ, ਮਕਸੂਦਾਂ, ਭਾਰਗੋ ਕੈਂਪ ਸਹਿਤ ਦੋ ਦਰਜਨ ਦੇ ਕਰੀਬ ਇਲਾਕਿਆਂ 'ਚ ਡੇਂਗੂ ਦਾ ਖਤਰਾ ਬਣਿਆ ਹੋਇਆ ਹੈ। ਮਾਮਲੇ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਖਤਰੇ ਤੋਂ ਬਚਣ ਲਈ ਲੋਕ ਨਗਰ ਨਿਗਮ ਤੋਂ ਫਾਗਿੰਗ ਦੀ ਆਸ ਲਾਈ ਬੈਠੇ ਹਨ। ਸ਼ਹਿਰ ਵਾਸੀਆਂ ਅਨੁਸਾਰ ਨਿਗਮ ਦੀਆ ਟੀਮਾਂ ਫਾਗਿੰਗ ਨਹੀਂ ਕਰ ਰਹੀਆਂ ਤੇ ਭਵਿੱਖ 'ਚ ਡੇਂਗੂ ਫੈਲਣ ਦਾ ਡਰ ਹੈ। ਰੈਣਕ ਬਾਜ਼ਾਰ ਇਲਾਕੇ 'ਚ ਰਹਿਣ ਵਾਲੇ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਫਾਗਿੰਗ ਲਈ ਇਲਾਕੇ ਦੇ ਕੌਂਸਲਰ ਨੂੰ ਕਈ ਵਾਰ ਕਿਹਾ ਗਿਆ ਪਰ ਫਾਗਿੰਗ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਮਨ ਗੁਪਤਾ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਮਰੀਜ਼ਾਂ ਦੇ ਘਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਟੀਮਾਂ ਸਰਵੇ ਕਰ ਕੇ ਕੀਟਨਾਸ਼ਕ ਦਵਾਈ ਦਾ ਿਛੜਕਾਅ ਕਰ ਰਹੀਆਂ ਹਨ। ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਕੁਲ ਗਿਣਤੀ 108 ਹੋ ਗਈ ਹੈ। ਜ਼ਿਲ੍ਹੇ 'ਚ ਸਿਹਤ ਵਿਭਾਗ ਟੀਮਾਂ 41337 ਘਰਾਂ 'ਚ ਦਸਤਕ ਦੇ ਕੇ ਸਰਵੇ ਕਰ ਚੁੱਕੀਆਂ ਹਨ। ਨਿਗਮ ਦੇ ਸਿਹਤ ਅਧਿਕਾਰੀ ਡਾ. ਸ਼੍ਰੀਕ੍ਰਿਸ਼ਨ ਦਾ ਕਹਿਣਾ ਹੈ ਕਿ ਰੋਸਟਰ ਦੇ ਆਧਾਰ 'ਤੇ ਫਾਗਿੰਗ ਕੀਤੀ ਜਾ ਰਹੀ ਹੈ।