ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜ਼ਿਲ੍ਹੇ 'ਚ ਡੇਂਗੂ ਤੇਜ਼ ਹੋਣ ਲੱਗਿਆ ਹੈ ਅਤੇ ਕੋਰੋਨਾ ਠੰਢਾ ਪੈਣ ਲੱਗਿਆ ਹੈ। ਸ਼ੁੱਕਰਵਾਰ ਨੂੰ ਡੇਂਗੂ ਨੇ ਸੈਂਕੜਾ ਪਾਰ ਕਰ ਲਿਆ ਹੈ। ਜ਼ਿਲ੍ਹੇ 'ਚ ਡੇਂਗੂ ਦੇ 24 ਨਵੇਂ ਮਾਮਲੇ ਆਏ। ਉੱਥੇ ਹੀ ਕੋਰੋਨਾ ਦੇ ਦੋ ਬਜ਼ੁਰਗਾਂ ਸਮੇਤ ਚਾਰ ਨਵੇਂ ਮਾਮਲੇ ਰਿਪੋਰਟ ਕੀਤੇ ਗਏ। ਜ਼ਿਲ੍ਹੇ 'ਚ 2 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਹਾਲਾਂਕਿ ਸਵਾਈਨ ਫਲੂ ਸ਼ਾਂਤ ਰਿਹਾ।

ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੀ ਲੈਬ 'ਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 33 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ 'ਚ 24 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ। ਪਿਛਲੇ 2 ਮਹੀਨਿਆਂ 'ਚ ਪਹਿਲੀ ਵਾਰ ਡੇਂਗੂ ਦੇ ਇਕ ਦਿਨ 'ਚ 24 ਮਰੀਜ਼ ਰਿਪੋਰਟ ਹੋਏ। ਮਰੀਜ਼ਾਂ 'ਚ ਤਿੰਨ ਬੱਚੇ ਵੀ ਸ਼ਾਮਲ ਹਨ। ਜ਼ਿਆਦਾਤਰ ਮਰੀਜ਼ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ 'ਚ ਕੋਰੋਨਾ ਦੇ ਤਿੰਨ ਮਰੀਜ਼ ਦਾਖਲ ਹਨ। ਮਰੀਜ਼ਾਂ ਦੀ ਵੱਧਦੀ ਗਿਣਤੀ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਹੇ ਹਨ। ਉੱਥੇ ਹੀ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰ ਆਪਣੀ ਡਿਊਟੀ ਨਿਭਾਅ ਰਿਹਾ ਹੈ। ਲੋਕ ਫਾਗਿੰਗ ਨਾ ਹੋਣ ਕਾਰਨ ਨਾਰਾਜ਼ ਹਨ। ਲੋਕ ਨਿਗਮ ਦੀ ਲਾਪਰਵਾਹੀ ਤੋਂ ਡੇਂਗੂ ਵੱਧਣ ਦੀ ਗੱਲ ਕਰ ਰਹੇ ਹਨ।

ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਇਲਾਕਾ ਕੌਂਸਲਰ ਦੇ ਨਾਲ ਤਾਲਮੇਲ ਕਰ ਪਹਿਲਾਂ ਹਾਈ ਰਿਸਕ ਇਲਾਕਿਆਂ 'ਚ ਫੋਕਸ ਕੀਤਾ ਜਾ ਰਿਹਾ ਹੈ। ਨਿਗਮ ਦੇ ਕੋਲ ਲੋੜ ਮੁਤਾਬਕ ਕੀੜੇਮਾਰ ਦਵਾਈਆਂ ਤੇ ਮਸ਼ੀਨਾਂ ਹਨ। ਤਕਰੀਬਨ ਹਰ ਇਲਾਕੇ 'ਚ ਕੌਂਸਲਰ ਦੀ ਮੌਜੂਦਗੀ 'ਚ ਫਾਗਿੰਗ ਕੀਤੀ ਜਾ ਰਹੀ ਹੈ।

------------

ਦੋ ਬਜ਼ੁਰਗਾਂ ਸਮੇਤ ਕੋਰੋਨਾ ਦੇ ਚਾਰ ਨਵੇਂ ਮਾਮਲੇ

ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਦੋ ਬਜ਼ੁਰਗਾਂ ਸਮੇਤ ਚਾਰ ਨਵੇਂ ਮਾਮਲੇ ਸਾਹਮਣੇ ਆਏ। ਜ਼ਿਲ੍ਹੇ 'ਚ 5 ਮਰੀਜ਼ ਘਰਾਂ 'ਚ ਆਈਸੋਲੇਟ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ 15 ਹੋ ਚੁੱਕੀ ਹੈ। ਕੋਰੋਨਾ ਦਾ ਇਲਾਜ ਕਰਵਾਉਣ ਲਈ ਇਕ ਮਰੀਜ਼ ਹਸਪਤਾਲ 'ਚ ਦਾਖਲ ਹੋਇਆ। ਹਸਪਤਾਲਾਂ 'ਚ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ 6 ਹੋ ਚੁੱਕੀ ਹੈ। ਇਨ੍ਹਾਂ 'ਚ ਤਿੰਨ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਦੋ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਉੱਥੇ ਹੀ ਜ਼ਿਲ੍ਹੇ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਦਰ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 296 ਲੋਕਾਂ ਨੇ ਵੈਕਸੀਨ ਦੀ ਡੋਜ਼ ਲਗਵਾਈ।