ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਨੈਸ਼ਨਲ ਡੇਂਗੂ ਦਿਵਸ 'ਤੇ ਜ਼ਿਲ੍ਹੇ 'ਚ ਇਸ ਮੌਸਮ ਦੌਰਾਨ ਪਹਿਲੀ ਵਾਰ ਡੇਂਗੂ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਚੌਕਸ ਹੋ ਗਿਆ ਹੈ। ਮਰੀਜ਼ ਠੀਕ ਹੋ ਕੇ ਹਸਪਤਾਲੋਂ ਘਰ ਜਾ ਚੁੱਕੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਇਲਾਕੇ 'ਚ ਜਾ ਕੇ ਮੱਛਰ ਮਾਰਨ ਵਾਲੀ ਦਵਾਈ ਦਾ ਿਛੜਕਾਅ ਕਰਨਗੀਆਂ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਤੋਂ ਆਏ 27 ਸੈਂਪਲਾਂ ਦੀ ਲੈਬ 'ਚ ਜਾਂਚ ਕੀਤੀ ਗਈ। ਇਨ੍ਹਾਂ 'ਚੋਂ ਨਕੋਦਰ ਦੇ 16 ਸਾਲਾ ਮੁੰਡੇ ਤੇ ਕੋਟ ਰਈਆ ਰਾਮ ਦੀ 19 ਸਾਲਾ ਮੁਟਿਆਰ ਨੂੰ ਡੇਂਗੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਸਿਹਤ ਵਿਭਾਗ 'ਚ ਹਫੜਾ-ਦਫੜੀ ਮਚ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਨੇ ਕਰੀਬ ਸਵਾ ਦੋ ਮਹੀਨੇ ਪਹਿਲਾਂ ਦਸਤਕ ਦੇ ਦਿੱਤੀ ਹੈ।

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮੌਸਮ 'ਚ ਪਹਿਲੀ ਵਾਰ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਵਿਭਾਗ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਹੀ ਸਰਵੇ ਸ਼ੁਰੂ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਸੂਬੇ 'ਚ ਡੇਂਗੂ ਦੀ ਦਸਤਕ ਤੋਂ ਬਾਅਦ ਜ਼ਿਲ੍ਹੇ 'ਚ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਵੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਆਧਾਰ 'ਤੇ ਡੇਂਗੂ ਫੈਲਣ ਤੋਂ ਰੋਕਣ 'ਚ ਸਹਾਇਤਾ ਮਿਲੇਗੀ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਆਦਿੱਤਿਆਪਾਲ ਸਿੰਘ ਦੀ ਅਗਵਾਈ 'ਚ ਟੀਮਾਂ ਵਧੇਰੇ ਖਤਰੇ ਵਾਲੇ ਇਲਾਕਿਆਂ 'ਚ ਸਰਵੇ ਕਰ ਰਹੀਆਂ ਹਨ। ਇਸ ਦੌਰਾਨ ਕਰੀਬ ਅੱਧੀ ਦਰਜਨ ਘਰਾਂ 'ਚੋਂ ਲਾਰਵਾ ਮਿਲਿਆ ਹੈ ਤੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਵਿਭਾਗ ਦੀਆਂ ਟੀਮਾਂ ਡੇਂਗੂ ਪ੍ਰਭਾਵਿਤ ਇਲਾਕਿਆਂ 'ਚ ਸਰਵੇ ਕਰ ਕੇ ਕੀਟਨਾਸ਼ਕ ਦਵਾਈ ਦਾ ਿਛੜਕਾਅ ਕਰਨਗੀਆਂ। ਉਨ੍ਹਾਂ ਕਿਹਾ ਕਿ ਡੇਂਗੂ ਦਾ ਸਰਕਾਰੀ ਹਸਪਤਾਲਾਂ 'ਚ ਮੁਫਤ ਇਲਾਜ ਕੀਤਾ ਜਾਂਦਾ ਹੈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਆਦਿੱਤਿਆਪਾਲ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਟੱਪ ਚੁੱਕਾ ਹੈ ਪਰ ਘਰਾਂ ਦੇ ਅੰਦਰ ਤੇ ਕੂਲਰਾਂ 'ਚ ਡੇਂਗੂ ਨੂੰ ਪੈਦਾ ਹੋਣ ਲਈ ਅਨੁਕੂਲ ਤਾਪਮਾਨ ਮਿਲ ਰਿਹਾ ਹੈ। ਕੂਲਰਾਂ 'ਚ ਪਿਛਲੇ ਸਾਲ ਦੇ ਪਏ ਡੇਂਗੂ ਦੇ ਆਂਡੇ ਇਸ ਵਾਰ ਫੁੱਟ ਕੇ ਮੱਛਰਾਂ ਦਾ ਰੂਪ ਧਾਰਨ ਕਰ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹਫਤੇ 'ਚ ਇਕ ਦਿਨ ਕੂਲਰ ਨੂੰ ਖਾਲੀ ਤੇ ਸਾਫ ਕਰ ਕੇ ਸੁੱਕਣ ਤੋਂ ਬਾਅਦ ਹੀ ਚਲਾਉਣਾ ਚਾਹੀਦਾ ਹੈ।

--------------

ਹਾਈ ਰਿਸਕ ਇਲਾਕੇ

ਗੜ੍ਹਾ, ਸੰਤ ਨਗਰ, ਇਸਲਾਮਗੰਜ, ਗੁਰੂ ਨਾਨਕਪੁਰਾ, ਆਨੰਦ ਗਲੀ, ਗੁਰੂ ਰਾਮਦਾਸ ਨਗਰ, ਇੰਡਸਟਰੀਅਲ ਫੋਕਲ ਪੁਆਇੰਟ, ਕਮਲ ਵਿਹਾਰ, ਬਸ਼ੀਰਪੁਰਾ, ਐੱਸਏਐੱਸ ਨਗਰ, ਲਾਡੋਵਾਲੀ ਰੋਡ, ਅਰਬਨ ਅਸਟੇਟ, ਹਰਗੋਬਿੰਦ ਨਗਰ, ਮਾਡਲ ਟਾਊਨ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਸੋਢਲ ਚੌਕ ਗਲੀ ਨੰਬਰ 1, ਬਚਿੰਤ ਨਗਰ, ਬਸਤੀ ਦਾਨਿਸ਼ਮੰਦਾ, ਪੰਜ ਪੀਰ ਕਾਲੋਨੀ, ਗੋਪਾਲ ਨਗਰ, ਬਸਤੀ ਸ਼ੇਖ, ਜੱਟਪੁਰਾ ਮੁਹੱਲਾ, ਰਾਜਾ ਗਾਰਡਨ ਬਸਤੀ ਪੀਰਦਾਦ, ਸ਼ਾਸਤਰੀ ਨਗਰ, ਭਾਰਗੋ ਕੈਂਪ, ਸ਼ਹੀਦ ਬਾਬਾ ਦੀਪ ਸਿੰਘ ਨਗਰ, ਟੈਗੋਰ ਕਾਲੋਨੀ, ਜਲ ਵਿਹਾਰ, ਜਲੰਧਰ ਛਾਉਣੀ, ਸੰਤੋਖਪੁਰਾ, ਬਸਤੀ ਬਾਵਾ ਖੇਲ ਅਤੇ ਰੇਲਵੇ ਸਟੇਸ਼ਨ।