ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਿਹਤ ਵਿਭਾਗ ਦੇ ਐਂਟੀ ਲਾਰਵਾ ਸਟਾਫ ਅਤੇ ਨਗਰ ਨਿਗਮ ਦੇ ਸਟਾਫ ਦੀ ਮੀਟਿੰਗ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਵਿਚ ਮੰਗਲਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਹੋਈ। ਮੀਟਿੰਗ ਵਿਚ ਡੇਂਗੂ ਦੀ ਰੋਕਥਾਮ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਡਾ. ਰਮਨ ਸ਼ਰਮਾ ਨੇ ਕਿਹਾ ਕਿ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪੋ੍ਗਰਾਮ ਤਹਿਤ ਜੁਲਾਈ ਮਹੀਨੇ ਨੂੰ ਡੇਂਗੂ ਜਾਗਰੂਕਤਾ ਮੰਥ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਆਪਸੀ ਤਾਲਮੇਲ ਕਰ ਕੇ ਡੇਂਗੂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਵੀ ਕੀਤਾ ਜਾਵੇਗਾ। ਡੇਂਗੂ ਜਾਗਰੂਕਤਾ ਮੰਥ ਦੌਰਾਨ ਸਿਹਤ ਟੀਮਾਂ ਵੱਲੋਂ ਡੇਂਗੂ ਫੈਲਣ ਦੇ ਸੰਭਾਵੀ ਖੇਤਰਾਂ ਨੂੰ ਪਹਿਲ ਦੇ ਆਧਾਰ 'ਤੇ ਵਿਜ਼ਟ ਕੀਤਾ ਜਾਵੇਗਾ ਅਤੇ ਜਿਸ ਖੇਤਰ ਵਿਚ ਲਾਰਵਾ ਮਿਲੇਗਾ, ਉੱਥੇ ਲੋਕਾਂ ਨੂੰ ਚੌਕਸ ਕਰਨ ਹਿੱਤ ਮਿਊਂਸਪਲ ਕਾਰਪੋਰੇਸ਼ਨਾਂ ਦੇ ਸੈਨੇਟਰੀ ਇੰਸਪੈਕਟਰਾਂ ਵੱਲੋਂ ਚਲਾਨ ਵੀ ਕੀਤੇ ਜਾਣਗੇ। ਸਿਵਲ ਸਰਜਨ ਨੇ ਦੱਸਿਆ ਕਿ ਇਸ ਦੌਰਾਨ ਜਨ-ਜਾਗਰੂਕਤਾ ਹਿੱਤ ਸਿਹਤ ਵਿਭਾਗ ਦੇ ਅਧਿਕਾਰੀ, ਐਪੀਡੀਮੋਲੋਜਿਸਟ, ਹੈਲਥ ਸੁਪਰਵਾਈਜ਼ਰ, ਹੈਲਥ ਵਰਕਰ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਹੈਲਥ ਅਫਸਰ, ਸੈਨੇਟਰੀ ਇੰਸਪੈਕਟਰ, ਫੋਗਿੰਗ ਟੀਮਾਂ ਤੱਤਪਰ ਰਹਿਣਗੀਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੌਪੜਾ, ਸਹਾਇਕ ਸਿਹਤ ਅਫ਼ਸਰ ਡਾ. ਟੀਪੀ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਆਦਿਤਿਆਪਾਲ ਸਿੰਘ, ਐਪੀਡੀਮੋਲੋਜਿਸਟ ਡਾ. ਸੋਭਨਾ ਬਾਂਸਲ, ਡਿਪਟੀ ਐੱਮਈਆਈਓ ਤਰਸੇਮ ਲਾਲ, ਹੈਲਥ ਅਫ਼ਸਰ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਡਾ. ਸ਼੍ਰੀਕ੍ਰਿਸ਼ਨ, ਸਮੂਹ ਸੈਨੇਟਰੀ ਇੰਸਪੈਕਟਰਜ਼ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਮੌਜੂਦ ਸਨ।