ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਜਿਥੇ ਸਵੇਰੇ ਬਬਰੀਕ ਚੌਕ ਨੇੜੇ ਇਕ ਕਮਰਸ਼ੀਅਲ ਨਾਜਾਇਜ਼ ਇਮਾਰਤ ਦੀ ਤੋੜ-ਭੰਨ ਕੀਤੀ, ਉਥੇ ਬੀਤੀ ਰਾਤ ਪ੍ਰਤਾਪ ਬਾਗ ਵਿਖੇ ਨਾਜਾਇਜ਼ ਕਮਰਸ਼ੀਅਲ ਇਮਾਰਤਾਂ ਦੀ ਕੀਤੀ ਗਈ ਸੀਲ ਨੂੰ ਤੋੜਨ 'ਤੇ ਨਿਗਮ ਕਮਿਸ਼ਨਰ ਨੇ ਕਾਰੋਬਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਪੱਤਰ ਲਿਖਿਆ ਹੈ। ਨਗਰ ਨਿਗਮ ਦੀ ਬਿਲਡਿੰਗ ਬਰਾਂਚ ਤੇ ਏਟੀਪੀ ਸੁਖਦੇਵ ਵਸ਼ਿਸ਼ਟ ਅਨੁਸਾਰ ਬਬਰੀਕ ਚੌਕ ਨੇੜੇ ਇਕ ਨਾਜਾਇਜ਼ ਕਮਰਸ਼ੀਅਲ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਨੂੰ ਬੰਦ ਕਰਨ ਲਈ ਮਾਲਕ ਨੂੰ ਬਕਾਇਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਨੇ ਕੰਮ ਬੰਦ ਨਹੀਂ ਕੀਤਾ, ਜਿਸ 'ਤੇ ਵੀਰਵਾਰ ਨੂੰ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਉਕਤ ਏਟੀਪੀ ਨੇ ਪੁਲਿਸ ਫੋਰਸ ਨੂੰ ਨਾਲ ਲੈ ਕੇ ਉਥੇ ਡਿਚ ਮਸ਼ੀਨ ਨਾਲ ਨਾਜਾਇਜ਼ ਉਸਾਰੀ ਦੀ ਭੰਨ ਤੋੜ ਕੀਤੀ। ਇਸ 'ਤੇ ਮਾਲਕ ਨੇ ਹੋਰ ਲੋਕਾਂ ਨਾਲ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਤੇ ਏਟੀਪੀ ਸੁਖਦੇਵ ਵਸ਼ਿਸਟ ਨਾਲ ਬਹਿਸਬਾਜ਼ੀ ਕੀਤੀ ਪਰ ਇਮਾਰਤ 'ਤੇ ਕਾਰਵਾਈ ਜਾਰੀ ਰਹੀ ਅਤੇ ਉਸ ਨੂੰ ਢਾਹੁਣ ਤੋਂ ਬਾਅਦ ਨਿਗਮ ਦੀ ਟੀਮ ਵਾਪਸ ਆ ਗਈ।

-------

ਐੱਫਆਈਆਰ ਦੀ ਸਿਫਾਰਸ਼

ਇਸ ਦੌਰਾਨ ਨਗਰ ਨਿਗਮ ਵੱਲੋਂ ਬੀਤੀ ਰਾਤ ਪ੍ਰਤਾਪ ਬਾਗ ਵਿਖੇ ਜਿਹੜੀਆਂ ਨਾਜਾਇਜ਼ ਦੁਕਾਨਾਂ ਦੀ ਸੀਿਲੰਗ ਕੀਤੀ ਗਈ ਸੀ, ਉਨ੍ਹਾਂ 'ਚੋਂ ਦੋ ਦੁੁਕਾਨਦਾਰਾਂ ਨੇ ਨਿਗਮ ਦੀ ਲੱਗੀ ਸੀਲ ਤੋੜ ਦਿੱਤੀ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਉਕਤ ਦੋਵੇਂ ਦੁਕਾਨਾਂ ਦੇ ਮਾਲਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ। ਨਿਗਮ ਦੀ ਬਿਲਡਿੰਗ ਬਰਾਂਚ ਅਨੁਸਾਰ ਮੰਡੀ ਰੋਡ ਦੀ ਜਿੰਦਲ ਬਿਲਡਿੰਗ ਨੇ ਨਿਗਮ ਵੱਲੋਂ ਲਾਈ ਗਈ ਸੀਲ ਤੀਜੀ ਵਾਰ ਜਦੋਂਕਿ ਪ੍ਰਤਾਪ ਬਾਗ ਦੀ ਗੁਰਮੀਤ ਟਰੇਡਿੰਗ ਕੰਪਨੀ ਦੇ ਮਾਲਕ ਨੇ ਦੂਜੀ ਵਾਰ ਸੀਲ ਤੋੜੀ ਹੈ। ਇਸ ਨੂੰ ਦੇਖਦੇ ਹੋਏ ਉਕਤ ਦੋਵਾਂ ਮਾਲਕਾਂ ਵਿਰੁੱਧ ਪੁਲਿਸ ਕਮਿਸ਼ਨਰ ਨੂੰ ਐੱਫਆਈਆਰ ਦਰਜ ਕਰਨ ਲਈ ਨਿਗਮ ਕਮਿਸ਼ਨਰ ਨੇ ਪੱਤਰ ਲਿਖਿਆ ਹੈ।

ਵਰਨਣਯੋਗ ਹੈ ਕਿ ਬੀਤੀ ਰਾਤ ਹੀ ਬਿਲਡਿੰਗ ਬਰਾਂਚ ਨੇ 4 ਕਮਰਸ਼ੀਅਲ ਇਮਾਰਤਾਂ ਨੂੰ ਸੀਲ ਕੀਤਾ ਸੀ, ਜਿਨ੍ਹਾਂ 'ਚੋਂ ਉਕਤ ਦੋਵਾਂ ਨੇ ਨਿਗਮ ਦੀ ਲੱਗੀ ਸੀਲ ਤੋੜ ਦਿੱਤੀ। ਉਕਤ ਸੀਲਾਂ ਤੋੜਨ ਦੀ ਰਿਪੋਰਟ ਜਿਵੇਂ ਹੀ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਐੱਮਟੀਪੀ ਨੀਰਜ ਭੱਟੀ ਤੇ ਸੰਯੁਕਤ ਕਮਿਸ਼ਨਰ ਨੂੰ ਦਿੱਤੀ ਤਾਂ ਉਨ੍ਹਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਸਫਾਰਸ਼ ਕਮਰ ਦਿੱਤੀ ਗਈ।

ਪੁੱਡਾ ਨੇ ਰੈੱਡਕਰਾਸ ਮਾਰਕੀਟ 'ਚ 15 ਦੁਕਾਨਾਂ ਕੀਤੀਆਂ ਸੀਲ

ਇਸ ਦੌਰਾਨ ਜਲੰਧਰ ਡਿਵੈੱਲਪਮੈਂਟ ਅਥਾਰਿਟੀ ਨੇ ਰੈੱਡ ਕਰਾਸ ਮਾਰਕੀਟ ਵਿਖੇ 15 ਦੁਕਾਨਾਂ ਸੀਲ ਕਰ ਦਿੱਤੀਆਂ। ਇਹ ਸੀਿਲੰਗ ਦੁਕਾਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਕੀਤੀ ਗਈ। ਪੁੱਡਾ ਦੇ ਐਕਸੀਅਨ ਯਾਦਵਿੰਦਰ ਸਿੰਘ ਅਨੁਸਾਰ ਰੈੱਡ ਕਰਾਸ ਮਾਰਕੀਟ ਦੀਆਂ ਜਿਹੜੀਆਂ ਹੇਠਾਂ ਦੁਕਾਨਾਂ ਦੇ ਮਾਲਕ ਸਨ, ਉਨ੍ਹਾਂ ਨੇ ਹੀ ਪਹਿਲੀ ਮੰਜ਼ਿਲ 'ਤੇ ਬਣੀਆਂ 15 ਦੁਕਾਨਾਂ 'ਤੇ ਨਾਜਾਇਜ਼ ਕਬਜ਼ੇ ਕਰ ਕੇ ਆਪਣਾ ਸਾਮਾਨ ਰੱਖਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਸੀਲ ਕੀਤਾ ਗਿਆ।