ਮਦਨ ਭਾਰਦਵਾਜ, ਜਲੰਧਰ

ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ 18 ਜੂਨ 2017 ਵਿਚ ਬੱਸ ਅੱਡਾ ਨੇੜੇ ਬਣੀਆਂ ਨਾਜਾਇਜ਼ ਦੁਕਾਨਾਂ ਢਾਹੁਣ ਤੋਂ ਬਾਅਦ ਮੁੜ ਕਿਵੇਂ ਬਣੀਆਂ, ਇਸ ਬਾਰੇ ਟਾਊਨ ਪਲੈਨਿੰਗ ਅਤੇ ਬਿਲਡਿੰਗ ਐਡਹਾਕ ਕਮੇਟੀ ਨੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ ਹੈ। ਉਕਤ ਬਣੀਆਂ ਲਗਪਗ 15 ਦੁਕਾਨਾਂ ਛਾਉਣੀ ਹਲਕੇ ਵਿਚ ਆਉਂਦੀਆਂ ਹਨ ਅਤੇ ਜਦੋਂ ਇਨ੍ਹਾਂ 'ਤੇ ਸਰਕਾਰੀ ਐਕਸ਼ਨ ਹੋਇਆ ਸੀ ਤਾਂ ਉੁਸ ਸਮੇਂ ਹਲਕਾ ਵਿਧਾਇਕ ਪ੍ਰਗਟ ਸਿੰਘ ਵੀ ਮੰਤਰੀ ਦੇ ਨਾਲ ਸਨ। ਉਕਤ ਨਾਜਾਇਜ਼ ਦੁਕਾਨਾਂ ਜਿਹੜੀਆਂ 3 ਸਾਲਾਂ ਦੌਰਾਨ ਮੁੜ ਖੜ੍ਹੀਆਂ ਹੋ ਗਈਆਂ, ਉਹ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੀ ਮੁੜ ਖੜ੍ਹੀਆਂ ਹੋਈਆਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਅਫਸਰਸ਼ਾਹੀ ਸਰਕਾਰ 'ਤੇ ਇਕ ਵਾਰ ਫਿਰ ਹਾਵੀ ਹੋਈ ਹੈ। ਬੱਸ ਅੱਡੇ ਨੇੜੇ ਬਣੀਆਂ ਉਕਤ ਦੁਕਾਨਾਂ ਦਾ ਬਿਲਡਿੰਗ ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਅਤੇ ਮੈਂਬਰ ਸੂਸ਼ੀਲ ਕਾਲੀਆ ਵਿੱਕੀ ਨੇ ਵੀਰਵਾਰ ਨੂੰ ਮੁਆਇਨਾ ਕੀਤਾ ਅਤੇ ਦੁਕਾਨਾਂ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਚੇਅਰਮੈਨ ਨਿੰਮਾ ਦਾ ਕਹਿਣਾ ਹੈ ਕਿ ਜੇ ਮੰਤਰੀ ਵੱਲੋਂ ਢਾਹੀਆਂ ਗਈਆਂ ਦੁਕਾਨਾਂ ਮੁੜ ਬਣ ਸਕਦੀਆਂ ਹਨ ਤਾਂ ਨਿਗਮ ਦੀ ਬਿਲਡਿੰਗ ਬਰਾਂਚ ਕੁਝ ਵੀ ਕਰ ਸਕਦੀ ਹੈ ਅਤੇ ਉਸ ਨੂੰ ਕਿਸੇ ਦਾ ਖੌਫ਼ ਨਹੀਂ ਅਤੇ ਨਾ ਹੀ ਨਿਯਮਾਂ ਅਧੀਨ ਕੰਮ ਕਰ ਰਹੀ ਹੈ ਜਿਸ ਦੀ ਮਿਸਾਲ ਉਕਤ ਨਾਜਾਇਜ਼ ਦੁਕਾਨਾਂ ਦਾ ਮੁੜ ਬਣਨ ਤੋਂ ਮਿਲਦੀ ਹੈ। ਉਕਤ ਦੁਕਾਨਾਂ ਦੇ ਮੁੜ ਉਸਾਰੇ ਜਾਣ ਬਾਰੇ ਕਾਂਗਰਸੀ ਆਗੂ ਸੰਦੀਪ ਖੋਸਲਾ ਨੇ ਕੁਝ ਦਿਨ ਪਹਿਲਾਂ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਚੇਅਰਮੈਨ ਨਿੰਮਾ ਨੇ ਕਿਹਾ ਕਿ ਨਗਰ ਨਿਗਮ ਵਿਚ ਭਿ੍੍ਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਦੀ ਮਿਸਾਲ ਉਕਤ ਦੁਕਾਨਾਂ ਦੀ ੍ਰਮੁੜ ਉਸਾਰੀ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਅਧਿਕਾਰੀਆਂ ਦੀ ਜਵਾਬ ਤਲਬੀ ਕੀਤੀ ਜਾਵੇਗੀ ਅਤੇ 10 ਅਗਸਤ ਨੂੰ ਹੋਣ ਵਾਲੀ ਟਾਊੂਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਦੀ ਮੀਟਿੰਗ ਵਿਚ ਉਕਤ ਮੁੱਦਾ ਉਠਾਇਆ ਜਾਏਗਾ ਅਤੇ ਇਸ ਵਿਚ ਜਿਹੜਾ ਵੀ ਕਸੂਰਵਾਰ ਹੋਵੇਗਾ, ਉਸ ਦੇ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਤੋਂ ਸੰਕੋਚ ਨਹੀਂ ਕੀਤਾ ਜਾੲਵੇਗਾ।

ਜ਼ਿਕਰਯੋਗ ਹੈ ਕਿ ਬੱਸ ਅੱਡੇ ਨੇੜੇ ਦੋਆਬਾ ਮਾਰਕੀਟ ਵਿਚ 15 ਨਾਜਾਇਜ਼ ਦੁਕਾਨਾਂ ਬਣੀਆਂ ਸਨ ਜਿਨ੍ਹਾਂ ਵਿਚੋਂ ਨਿਗਮ ਨੇ 5 ਪੂਰੀ ਤਰ੍ਹਾਂ ਢਾਹ ਦਿੱਤੀਆਂ ਸਨ ਅਤੇ 10 ਦੁਕਾਨਾਂ ਨੂੰ ਸੀਲ ਕਰ ਦਿੱਤਾ ਸੀ ਕਿਉਂਕਿ ਦਕਾਨਾਂ ਤਕ ਡਿਚ ਮਸ਼ੀਨ ਨਹੀਂ ਪੱੁਜ ਰਹੀ ਸੀ।

ਵਿਰੋਧ ਹੋਇਆ ਸੀ ਕਾਰਵਾਈ ਦਾ

18 ਜੂਨ 2017 ਵਿਚ ਜਦੋਂ ਸਾਬਕਾ ਮੰਤਰੀ ਨੇ ਨਾਜਾਇਜ਼ ਕਾਲੋਨੀਆਂ ਅਤੇ ਉਹ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਚਲਾਈ ਸੀ ਤਾਂ ਉਸ ਸਮੇਂ ਵਿਧਾਇਕ ਪ੍ਰਗਟ ਸਿੰਘ ਵੀ ਮੰਤਰੀ ਨਾਲ ਸਨ। ਉਸ ਸਮੇਂ ਹੋਈ ਵੱਡੀ ਕਾਰਵਾਈ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਸ ਦੌਰਾਨ ਬਿਲਡਿੰਗ ਬਰਾਂਚ ਦੇ ਲਗਪਗ 9 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਸਨ ਜਿਹੜੇ ਕਿ ਹੁਣ ਬਹਾਲ ਹੋ ਚੁੱਕੇ ਹਨ। ਸਿੱਧੂ ਦੀ ਉਕਤ ਕਾਰਵਾਈ ਦਾ ਸਿਆਸੀ ਤੌਰ 'ਤੇ ਭਾਰੀ ਵਿਰੋਧ ਹੋਇਆ ਸੀ। ਇਸ ਦੌਰਾਨ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਤਾਂ ਡਿੱਚ ਮਸ਼ੀਨ 'ਤੇ ਚੜ੍ਹ ਕੇ ਨਿਗਮ ਦੀ ਕਾਰਵਾਈ ਨੂੰ ਰੋਕ ਦਿੱਤਾ ਸੀ।

36 ਦੁਕਾਨਾਂ ਦਾ ਫੈਸਲਾ ਨਹੀਂ ਆਇਆ

ਲਗਪਗ 6 ਮਹੀਨੇ ਪਹਿਲਾਂ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਵੱਲੋਂ ਅਟਾਰੀ ਬਾਜ਼ਾਰ ਵਿਚ ਬਣੀਆਂ 36 ਨਾਜਾਇਜ਼ ਦੁਕਾਨਾਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਕੋਈ ਫੈਸਲਾ ਨਹੀਂ ਆਇਆ ਹੈ। ਭਾਵੇਂ ਵਿਧਾਨ ਸਭਾ ਕਮੇਟੀ ਉਕਤ ਦੁਕਾਨਾਂ ਸਬੰਧੀ ਆਪਣੀ ਰਿਪੋਰਟ ਦੇ ਚੁੱਕੀ ਹੈ, ਪਰ ਇਸ 'ਤੇ ਐਕਸ਼ਨ ਲੈਣਾ ਅਜੇ ਤਕ ਤੈਅ ਨਹੀਂ ਕੀਤਾ ਗਿਆ। ਉਕਤ ਦੁਕਾਨਾਂ ਰਿਹਾਇਸ਼ ਨਕਸ਼ਾ ਪਾਸ ਕਰਾ ਕੇ ਨਾਜਾਇਜ਼ ਬਣਾਈਆਂ ਗਈਆਂ ਸਨ ਜਿਨ੍ਹਾਂ ਦਾ ਅਜੇ ਤਕ ਕੰਮ ਰੁਕਿਆ ਹੋਇਆ ਹੈ।