ਸੁਨੀਲ ਕੁਕਰੇਤੀ, ਜਲੰਧਰ ਛਾਉਣੀ : ਵੀਰਵਾਰ ਨੂੰ ਸੰਯੁਕਤ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਛਾਉਣੀ ਦੇ ਦੁਸਹਿਰਾ ਗਰਾਊਂਡ 'ਚ ਇਕੱਠੇ ਹੋ ਕੇ ਆਪਣਾ ਦਰਦ ਦੱਸਦੇ ਹੋਏ ਸਰਕਾਰ ਅੱਗੇ ਕੁਝ ਮੰਗਾਂ ਕੀਤੀਆਂ। ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਗਿੱਲ (ਭੋਲਾ) ਨੇ ਟੈਕਸੀ ਚਾਲਕਾਂ ਵਾਸਤੇ ਆਰਥਿਕ ਸਹਾਇਤਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਜਦੋਂ ਦਾ ਲਾਕਡਾਊਨ ਲੱਗਾ ਸੀ। ਉਦੋਂ ਤੋਂ ਟੈਕਸੀ ਦਾ ਕੰਮ ਆਰਥਿਕ ਸੰਕਟ ਤੇ ਮੰਦੀ ਤੋਂ ਗੁੱਜਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਹਰ ਟੈਕਸੀ ਚਾਲਕਾਂ ਦੀਆਂ ਗੱਡੀਆਂ ਬੈਂਕ ਤੋਂ ਕਰਜ਼ੇ ਲੈ ਕੇ ਲਈਆਂ ਗਈਆਂ ਹਨ। ਕੰਮਕਾਜ ਨਾ ਹੋਣ ਕਰ ਕੇ ਉਹ ਕਿਸ਼ਤਾਂ ਨਹੀਂ ਦੇ ਪਾ ਰਹੇ। ਜਿਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਤੇ ਜ਼ੁਰਮਾਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਫੀਸ ਵੀ ਨਹੀਂ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਜਾਰੀ ਗਾਈਡਲਾਈਨ ਸਪੱਸ਼ਟ ਨਾ ਹੋਣ ਕਰ ਕੇ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਸਰਕਾਰ ਇਕ ਪਾਸੇ 50 ਫ਼ੀਸਦੀ ਸਵਾਰੀਆਂ ਬਿਠਾਉਣ ਦੇ ਨਿਰਦੇਸ਼ ਦੇ ਰਹਿ ਹੈ ਉੱਥੇ ਦੂਜੇ ਪਾਸੇ ਉਸੇ ਗਾਈਡਲਾਈਨ ਦੇ ਦੂਜੇ ਕੋਲਮ 'ਚ ਦੋ ਸਵਾਰੀਆਂ ਲਈ ਇਜਾਜ਼ਤ ਦੇ ਰਹੀ ਹੈ। ਬੱਸਾਂ ਵਾਲੇ ਥਾਂ-ਥਾਂ ਤੋਂ ਸਵਾਰੀਆਂ ਚੁੱਕਦੇ ਹਨ ਫਿਰ ਵੀ ਉਹ 50 ਫੀਸਦੀ ਸਵਾਰੀਆਂ ਬਿਠਾ ਸਕਦੇ ਹਨ ਜਦਕਿ ਟੈਕਸੀ 'ਚ ਇਕ ਹੀ ਥਾਂ ਤੋਂ ਸਵਾਰੀ ਬਿਠਾਈ ਜਾਂਦੀ ਹੈ। ਫਿਰ ਵੀ ਉਨ੍ਹਾਂ ਨਾਲ ਵਿਤਕਰਾ ਕਿਉਂ ਪੁਲਿਸ ਵੀ ਟੈਕਸੀ ਚਾਲਕਾਂ ਨੂੰ ਤੰਗ ਕਰ ਰਹੀ ਹੈ। ਭੋਲਾ ਨੇ ਕਿਹਾ ਕਿ ਦਿੱਲੀ ਸਰਕਾਰ ਵਾਂਗੂੰ ਪੰਜਾਬ ਸਰਕਾਰ ਵੀ ਟੈਕਸੀ ਚਾਲਕਾਂ ਨੂੰ ਆਰਥਿਕ ਸਹਾਇਤਾ ਦੇਵੇ ਅਤੇ ਬੈਂਕ ਕਰਜ਼ੇ ਦੇ ਵਿਆਜ਼ ਨੂੰ ਵੀ ਮਾਫ ਕਰੇ। ਉਨ੍ਹਾਂ ਕਿਹਾ ਕਿ ਜਲਦੀ ਸਰਕਾਰ ਵੱਲੋਂ ਯੂਨੀਅਨ ਦੀਆਂ ਮੁਸ਼ਕਲਾਂ ਹਲ ਨਾ ਕੀਤੀਆਂ ਗਈਆਂ ਤਾਂ ਟੈਕਸੀ ਯੂਨੀਅਨ ਆਪਣੀਆਂ ਮੰਗਾਂ ਲਈ ਵੱਡਾ ਸੰਘਰਸ਼ ਵੀ ਕਰ ਸਕਦੀ ਹੈ। ਇਸ ਮੌਕੇ ਚੰਦਰਸ਼ੇਖਰ, ਹਰਜਿੰਦਰ ਪਤਾਰਾ, ਸੁਰਜੀਤ ਥਾਪਰ, ਬਿਕਰਮਜੀਤ ਸਿੰਘ ਚੀਮਾ, ਤਰਸੇਮ ਲਾਲ ਭੱਟੀ, ਜਸਵੰਤ ਸਿੰਘ, ਜੈਪਾਲ ਸਿੰਘ, ਅਨੂਪ ਸਿੰਘ, ਭਾਨੂ, ਸ਼ਮਿੰਦਰ ਸਿੰਘ, ਸਰਬਜੀਤ ਕੰਗ, ਤਰੁਣ ਸ਼ਰਮਾ, ਕੁਲਪ੍ਰਰੀਤ ਸਿੰਘ, ਧਰਮਿੰਦਰ ਸਿੰਘ, ਸੋਨੂੰ ਅਗਰਵਾਲ, ਵਿੱਕੀ, ਅਰੁਣ ਅਨੰਦ, ਜਗਪਾਲ ਸਿੰਘ, ਸੰਦੀਪ ਸਿੰਘ, ਰਾਜਨ ਜੋਸ਼ੀ ਆਦਿ ਵੀ ਮੌਜੂਦ ਸਨ।