ਮਹਿੰਦਰ ਰਾਮ ਫੁੱਗਲਾਣਾ, ਜਲੰਧਰ

ਸਰਕਾਰੀ ਤੇ ਸਿਵਲ ਪ੍ਰਸ਼ਾਸਨ ਦੀ ਦਲਿਤ ਮਜ਼ਦੂਰਾਂ ਨਾਲ ਧੱਕੇਸ਼ਾਹੀ ਦੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਤੇ ਗਿ੍ਫ਼ਤਾਰ ਕੀਤੇ ਗਏ ਮਜ਼ਦੂਰ ਪਰਿਵਾਰਾਂ ਸਣੇ ਸੂਬਾ ਆਗੂ ਪਰਕਾਸ਼ ਨੰਦਗੜ੍ਹ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।

ਦਿਹਾਤੀ ਮਜ਼ਦੂਰ ਸਭਾ ਨੇ ਜਲੰਧਰ ਸੂਬਾ ਦਫ਼ਤਰ 'ਚ ਮੀਟਿੰਗ ਤੋਂ ਬਾਅਦ ਪ੍ਰਰੈੱਸ ਨੋਟ ਜਾਰੀ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਪ੍ਰਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਵਿੱਤ ਸਕੱਤਰ ਮਹੀਪਾਲ ਨੇ ਕਿਹਾ ਕਿ ਜੈਤੋ ਸਬ-ਡਵੀਜ਼ਨ ਵਿਚ ਪੈਂਦੇ ਪਿੰਡ ਸੇਂਢਾ 'ਚ ਪੰਚਾਇਤੀ ਜ਼ਮੀਨ 'ਤੇ 46 ਗਰੀਬ ਪਰਿਵਾਰ ਕਾਬਜ਼ ਹਨ ਜਿਨ੍ਹਾਂ ਵਿਚੋਂ 6 ਪਰਿਵਾਰ ਦਲਿਤ ਤੇ ਗਰੀਬ ਹਨ। ਸਰਕਾਰ ਤੇ ਸਿਵਲ ਪ੍ਰਸ਼ਾਸ਼ਨ ਨੇ 6 ਦਲਿਤ ਪਰਿਵਾਰਾਂ ਦਾ ਨਰਮਾ ਵਾਹ ਦਿੱਤਾ ਹੈ। ਇਸ ਮੌਕੇ ਰੋਕਣ ਆਏ 6 ਪਰਿਵਾਰਾਂ ਦੇ 20 ਤੋਂ 25 ਵਿਅਕਤੀਆਂ ਸਣੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਰਕਾਸ਼ ਨੰਦਗੜ੍ਹ ਨੂੰ ਜੇਲ੍ਹ ਭੇਜਣ ਦੀ ਮਨਸ਼ਾ ਨਾਲ ਗਿ੍ਫ਼ਤਾਰ ਕਰ ਕੇ ਫਰੀਦਕੋਟ ਭੇਜ ਦਿੱਤਾ ਗਿਆ। ਇਹ ਗਰੀਬ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਗਿ੍ਫ਼ਤਾਰ ਕੀਤੇ ਗਏ ਸਾਥੀ ਤੁਰੰਤ ਰਿਹਾਅ ਕੀਤੇ ਜਾਣ ਤੇ ਜ਼ਮੀਨ 'ਤੇ ਬੈਠੇ ਕਾਸ਼ਤਕਾਰਾਂ ਨੂੰ ਬਣਦੇ ਹੱਕ ਦਿੱਤੇ ਜਾਣ।