ਜੇਐੱਨਐੱਨ, ਜਲੰਧਰ : ਫਿਲੌਰ ਦੇ ਰੁੜਕਾ ਖ਼ੁਰਦ 'ਚ ਰਹਿਣ ਵਾਲੇ ਸੁਦਰਸ਼ਨ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਸਕਟ ਗਈ ਆਪਣੀ ਪਤਨੀ ਨੂੰ ਲੱਭਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 2017 'ਚ ਮਸਕਟ ਗਈ ਸੀ। ਉਨ੍ਹਾਂ ਦੇ ਇਲਾਕੇ 'ਚ ਰਹਿਣ ਵਾਲੇ ਇਕ ਟ੍ਰੈਵਲ ਏਜੰਟ ਨੇ 2017 'ਚ ਮਸਕਟ ਭੇਜਿਆ ਸੀ। ਉਸ ਸਮੇਂ ਏਜੰਟ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਘਰ ਦੇ ਬੱਚੇ ਸੰਭਾਲਣ ਦੇ ਕੰਮ 'ਤੇ ਲਾਵੇਗਾ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਹੈ। ਕਿਸੇ ਤਰ੍ਹਾਂ ਉਸ ਨੇ ਪਤਨੀ ਨੂੰ ਵਾਪਸ ਸੱਦ ਲਿਆ। ਸੁਦਰਸ਼ਨ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਹੁਣ 2019 'ਚ ਉਸੇ ਏਜੰਟ ਨੇ ਉਸ ਦੀ ਪਤਨੀ ਨੂੰ ਚੰਗੇ ਪੈਸੇ ਦਿਵਾਉਣ ਦਾ ਝਾਂਸਾ ਦੇ ਕੇ ਮਸਕਟ ਭੇਜ ਦਿੱਤਾ, ਜਦਕਿ ਉਹ ਇਸ ਬਾਰੇ ਜਾਣਦਾ ਤਕ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਫੋਨ ਕਰ ਕੇ ਦੱਸਦੀ ਹੈ ਕਿ ਉਸ ਨੂੰ ਉਥੇ ਇਕ ਕਮਰੇ 'ਚ ਬੰਦ ਕਰ ਕੇ ਰੱਖਿਆ ਗਿਆ ਹੈ ਅਤੇ ਤੰਗ ਕੀਤਾ ਜਾ ਰਿਹਾ ਹੈ। ਉਸ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਛੇਤੀ ਤੋਂ ਛੇਤੀ ਮਸਕਟ ਤੋਂ ਵਾਪਸ ਲਿਆਂਦਾ ਜਾਵੇ।