ਜਤਿੰਦਰ ਪੰਮੀ, ਜਲੰਧਰ

ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ 'ਤੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਜਲੰਧਰ ਜ਼ਿਲ੍ਹੇ 'ਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ 'ਚ ਅੱਵਲ ਰਹਿਣ 'ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਜੇਤੂਆਂ ਨੂੰ ਭਵਿੱਖ 'ਚ ਹੋਰ ਤਰੱਕੀਆਂ ਕਰਨ ਲਈ ਸ਼ੱੁਭ ਕਾਮਨਾਵਾਂ ਦਿੱਤੀਆਂ ਅਤੇ ਲੋੜ ਪੈਣ 'ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਜਲੰਧਰ ਜ਼ਿਲੇ੍ਹ 'ਚੋਂ ਇਸ ਮੁਕਾਬਲੇ ਲਈ 6,180 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਅਤੇ ਇਨ੍ਹਾਂ ਬੱਚਿਆਂ ਦੀ ਪੇਸ਼ਕਾਰੀ ਤੇ ਵਿਚਾਰ ਬਹੁਤ ਹੀ ਹੈਰਾਨੀਜਨਕ ਤੇ ਸੋਚ ਤੋਂ ਪਰ੍ਹੇ ਸਨ। ਕੋਵਿਡ-19 ਦੀ ਮਹਾਮਾਰੀ ਦੌਰਾਨ ਬੱਚਿਆਂ ਦੇ ਵਿਚਾਰਾਂ ਨੇ ਸਮਾਜ ਨੂੰ ਨਵਾਂ ਹੌਸਲਾ ਦਿੱਤਾ ਹੈ ਜਿਸ ਕਰਕੇ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ 'ਤੇ ਮਾਣ ਹੈ।

ਸਿੰਗਲਾ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ 'ਚੋਂ ਏਪੀਜੇ ਸਕੂਲ 'ਚ ਦਸਵੀਂ ਕਲਾਸ 'ਚ ਪੜ੍ਹਦੇ ਗੋਪੇਸ਼ ਗੁਪਤਾ ਨੇ ਪਹਿਲਾ ਸਥਾਨ ਹਾਸਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਐੱਮਜੀਐੱਨ ਪਬਲਿਕ ਸਕੂਲ 'ਚ ਅੱਠਵੀਂ ਕਲਾਸ 'ਚ ਪੜ੍ਹਦੇ ਰਮਨਜੋਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸ ਦੇ ਨਾਲ ਹੀ ਆਰਕੇਐੱਮਜੀਐੱਮ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਮੋਨਾ ਕਸ਼ਿਅਪ ਨੇ ਤੀਸਰੇ ਸਥਾਨ 'ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।

ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਵਿਜੈ ਇੰਦਰ ਸਿੰਗਲਾ ਵੱਲੋਂ 'ਅੰਬੈਸਡਰਜ਼ ਆਫ਼ ਹੋਪ' ਨਾਂ ਦਾ ਆਨਲਾਈਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ 'ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰ੍ਹਾਂ ਦੇ ਇਸ ਪਹਿਲੇ ਮੁਕਾਬਲੇ 'ਚ ਸਿਰਫ਼ ਅੱਠ ਦਿਨਾਂ 'ਚ ਸੂਬੇ 'ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸ ਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਇਸ ਮੁਕਾਬਲੇ 'ਚ ਹਰ ਜ਼ਿਲ੍ਹੇ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਜਲੰਧਰ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਗੋਪੇਸ਼ ਗੁਪਤਾ ਨੇ ਕਿਹਾ ਕਿ ਉਹ ਇਲੈਕਟ੍ਰੀਕਲ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਮੁਕਾਬਲੇ 'ਚ ਭਾਗ ਲੈਣ ਲਈ ਵੀ ਉਸ ਨੇ ਬਗੈਰ ਹੱਥ ਲਗਾਏ ਵਜਾਈ ਜਾ ਸਕਣ ਵਾਲੀ ਡੋਰਬੈੱਲ ਦੀ ਵੀਡਿਓ ਬਣਾ ਕੇ ਪਾਈ ਸੀ। ਇਸੇ ਤਰ੍ਹਾਂ ਦੂਜੇ ਸਥਾਨ 'ਤੇ ਰਹਿਣ ਵਾਲੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਹ ਸਾਫ਼ਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਤੇ ਭਵਿੱਖ 'ਚ ਇੰਟਰਨੈੱਟ 'ਤੇ ਆਪਣਾ ਸਰਚ-ਇੰਜਣ ਲੈ ਕੇ ਆਉਣਾ ਚਾਹੁੰਦਾ ਹੈ। ਤੀਸਰੇ ਸਥਾਨ 'ਤੇ ਰਹਿਣ ਵਾਲੀ ਮੋਨਾ ਕਸ਼ਿਅਪ ਨੇ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਉਸ ਨੇ ਘਰ ਪਏ ਵਾਧੂ ਸਾਮਾਨ ਤੋਂ ਇਕ ਮਾਡਲ ਤਿਆਰ ਕਰਕੇ ਮੁਕਾਬਲੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਘਰ ਦਾ ਖਰਚਾ ਚਲਾ ਰਹੀ ਹੈ ਅਤੇ ਹੁਣ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਚਾਹੁੰਦੀ ਹੈ।