ਰਾਕੇਸ਼ ਗਾਂਧੀ ਜਲੰਧਰ : ਬੈਂਕ ਕਾਲੋਨੀ ਵਾਸੀ ਅੌਰਤ ਨੇ ਆਪਣੇ ਬੈਂਕ ਮੈਨੇਜਰ ਪਤੀ 'ਤੇ ਬੰਧਕ ਬਣਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ। ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮੋਨਿਕਾ ਵਰਮਾ ਵਾਸੀ ਬੈਂਕ ਕਾਲੋਨੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਜੇਸ਼ ਵਰਮਾ ਜੋ ਬੈਂਕ ਮੈਨੇਜਰ ਹੈ, ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਉਸ ਨਾਲ ਆਏ ਦਿਨ ਕੁੱਟਮਾਰ ਕਰਦਾ ਰਹਿੰਦਾ ਹੈ। ਬੁੱਧਵਾਰ ਸਵੇਰੇ ਵੀ ਕੁੱਟਮਾਰ ਕਰ ਕੇ ਲਹੂ ਲੁਹਾਨ ਕਰ ਦਿੱਤਾ ਤੇ ਕਮਰੇ 'ਚ ਬੰਦ ਕਰ ਦਿੱਤਾ। ਇਸ ਮਗਰੋਂ ਚੁੰਨੀ ਨਾਲ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਇਸ ਦੀ ਸੂਚਨਾ ਆਪਣੇ ਪੇਕਿਆਂ ਨੂੰ ਦਿੱਤੀ ਤਾਂ ਉਸ ਦਾ ਭਰਾ ਪ੍ਰਦੀਪ ਤੁਰੰਤ ਉਸ ਦੇ ਘਰ ਪੁੱਜਾ ਤੇ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਥਾਣਾ-7 ਦੀ ਪੁਲਿਸ ਨੂੰ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।