ਰਾਕੇਸ਼ ਗਾਂਧੀ ਜਲੰਧਰ : ਥਾਣਾ-8 ਦੇ ਇਲਾਕੇ 'ਚ ਪੈਂਦੇ ਸੋਢਲ ਚੌਕ ਲਾਗੇ ਐਤਵਾਰ ਦੇਰ ਰਾਤ ਇੰਡੀਕਾ ਗੱਡੀ 'ਚ ਆਏ ਚਾਰ ਨੌਜਵਾਨਾਂ ਨੇ ਛਾਬੜਾ ਵੈਜੀਟੇਬਲ ਦੇ ਮਾਲਕ ਭਰਾਵਾਂ ਨੂੰ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਜਦ ਉਨ੍ਹਾਂ ਨੇ ਸਿਗਰਟ ਮੰਗੀ ਤਾਂ ਦੁਕਾਨਦਾਰ ਵੱਲੋਂ ਨਾਂਹ ਕਰ ਦਿੱਤੀ ਗਈ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨਿੱਜੀ ਹਸਪਤਾਲ 'ਚ ਦਾਖਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਛਾਬੜਾ ਵੈਜੀਟੇਬਲ ਨਾਂ ਦੀ ਦੁਕਾਨ ਸੋਡਲ ਚੌਕ 'ਚ ਹੈ। ਐਤਵਾਰ ਰਾਤ ਇਕ ਕਾਰ 'ਚ ਚਾਰ ਨੌਜਵਾਨ ਉਨ੍ਹਾਂ ਕੋਲ ਆਏ ਤੇ ਸਿਗਰਟ ਮੰਗਣ ਲੱਗੇ। ਉਸ ਦੇ ਭਰਾ ਰਾਕੇਸ਼ ਕੁਮਾਰ ਨੇ ਨੌਜਵਾਨਾਂ ਨੂੰ ਆਖਿਆ ਕਿ ਤੁਸੀਂ ਗਲਤ ਦੁਕਾਨ 'ਤੇ ਆ ਗਏ ਹੋ ਇਥੇ ਸਬਜ਼ੀ ਮਿਲਦੀ ਹੈ, ਸਿਗਰਟ ਦੀ ਨਹੀਂ। ਏਨੀ ਗੱਲ ਨੂੰ ਲੈ ਕੇ ਨੌਜਵਾਨ ਉਨ੍ਹਾਂ ਨਾਲ ਬਹਿਸ ਕਰਨ ਲੱਗੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਥੇ ਲੋਕ ਇਕੱਠੇ ਹੋਣ ਲੱਗੇ ਤਾਂ ਕਾਰ ਸਵਾਰ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦਿਆਂ ਥਾਣਾ-8 ਦੇ ਏਐੱਸਆਈ ਮਨਜੀਤ ਰਾਮ ਹਸਪਤਾਲ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਏਐੱਸਆਈ ਮਨਜੀਤ ਰਾਮ ਨੇ ਦੱਸਿਆ ਕਿ ਦੋਵੇਂ ਭਰਾ ਹਾਲੇ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਬਿਆਨਾਂ ਮਗਰੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਰ ਸਵਾਰਾਂ ਦੇ ਨਸ਼ੇ 'ਚ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੋਈ ਵੀ ਵਿਅਕਤੀ ਸਬਜ਼ੀ ਵਾਲੀ ਦੁਕਾਨ ਤੋਂ ਸਿਗਰਟ ਨਹੀਂ ਮੰਗਦਾ। ਫਿਲਹਾਲ ਪੁਲਿਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਦੀ ਉਡੀਕ ਕਰ ਰਹੀ ਹੈ।