ਜੇਐੱਨਐੱਨ, ਜਲੰਧਰ : ਨਕੋਦਰ ਰੋਡ 'ਤੇ ਪੈਂਦੀ ਆਰਸੀਐੱਫ ਕਾਲੋਨੀ ਨੇੜੇ ਸਥਿਤ ਸ਼ਮਸ਼ਾਨਘਾਟ 'ਚੋਂ ਸ਼ੱਕੀ ਹਾਲਾਤ 'ਚ ਇੰਗਲੈਂਡ ਤੋਂ ਪਰਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮੰਗਲਵਾਰ ਦੇਰ ਸ਼ਾਮ ਨੂੰ ਮਿਲੀ ਲਾਸ਼ ਕਾਫੀ ਹੱਦ ਤਕ ਗਲ ਸੜ ਚੁੱਕੀ ਸੀ ਤੇ ਕੀੜੇ ਪੈ ਗਏ ਸਨ। ਇਸ ਕਾਰਨ ਇਲਾਕੇ 'ਚ ਏਨੀ ਬਦਬੂ ਫੈਲ ਗਈ ਕਿ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਫਤਿਹਪੁਰ ਪੁਲਿਸ ਉਕਤ ਸ਼ਮਸ਼ਾਨਘਾਟ 'ਚ ਪੁੱਜੀ ਤੇ ਮਿ੍ਤਕ ਦੀ ਪਛਾਣ ਖਾਂਬਰਾ ਦੇ ਪਿੰਡ ਧਰਮਪੁਰਾ ਆਬਾਦੀ ਵਾਸੀ 40 ਸਾਲਾ ਧਰਮਵੀਰ ਪੁੱਤਰ ਗੁਰਮੇਜ ਵਜੋਂ ਹੋਈ ਹੈ। ਥਾਣਾ ਸਦਰ ਦੇ ਐੱਸਐੱਚਓ ਰੇਸ਼ਮ ਸਿੰਘ ਨੇ ਦੱਸਿਆ ਕਿ ਮਿ੍ਤਕ ਸਾਲ 1995 'ਚ ਇੰਗਲੈਂਡ ਗਿਆ ਸੀ। ਉਥੇ ਕਰੀਬ ਸੱਤ ਸਾਲ ਰਹਿਣ ਤੋਂ ਬਾਅਦ ਉਸ ਦੇ ਚੋਰੀ ਦੇ ਕਈ ਮਾਮਲਿਆਂ 'ਚ ਫੜੇ ਜਾਣ ਮਗਰੋਂ 2002 'ਚ ਭਾਰਤ ਡਿਪੋਰਟ ਕਰ ਦਿੱਤਾ ਗਿਆ। ਪਿੰਡ ਪਰਤਣ ਤੋਂ ਬਾਅਦ ਉਸ ਨੇ ਗ਼ਲਤ ਕੰਮ ਨਹੀਂ ਛੱਡੇ ਤੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। ਇਸ ਵਿਚਾਲੇ ਉਸ ਦੇ ਪਿਤਾ ਦੀ 2003 'ਚ ਮੌਤ ਹੋ ਗਈ। ਇਸ ਤੋਂ ਬਾਅਦ ਵੀ ਉਸ ਨੇ ਮਾੜੇ ਕੰਮ ਨਹੀਂ ਛੱਡੇ ਤੇ ਮਾਂ ਨੇ ਉਸ ਨੂੰ ਜ਼ਮੀਨ-ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਘਰੋਂ ਬੇਦਖ਼ਲ ਕਰਨ ਤੋਂ ਬਾਅਦ ਉਹ ਸ਼ਮਸ਼ਾਨਘਾਟ 'ਚ ਰਹਿਣ ਲੱਗਾ। ਇਸ ਦੌਰਾਨ ਇਕ ਅੌਰਤ ਨੂੰ ਉਸ ਨੂੰ ਆਪਣੇ ਨਾਲ ਰੱਖ ਲਿਆ। ਦੋਵੇਂ ਪਤੀ-ਪਤਨੀ ਦੀ ਤਰ੍ਹਾਂ ਰਹਿੰਦੇ ਸਨ ਪਰ ਬੁਰੇ ਕੰਮਾਂ ਕਾਰਨ ਉਹ ਅੌਰਤ ਵੀ ਉਸ ਨੂੰ ਕਾਫੀ ਸਮਾਂ ਪਹਿਲਾਂ ਛੱਡ ਗਈ। ਇਸ ਮਗਰੋਂ ਹੀ ਉਸ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਐੱਸਐੱਚਓ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਮੌਤ ਕਿਸ ਤਰ੍ਹਾਂ ਹੋਈ। ਫਿਲਹਾਲ ਪੁਲਿਸ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।