<

p> ਕਰਾਈਮ ਰਿਪੋਰਟਰ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ਵਿਚ ਪੈਂਦੇ ਸੁਭਾਨਾ ਫਾਟਕ ਨੇੜੇ ਕੱਪੜੇ ਵਿਚ ਲੱਤਾਂ-ਬਾਹਾਂ ਬੰਨ੍ਹੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿ੍ਤਕ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨਾਂ ਤੋਂ ਇਹੀ ਜ਼ਾਹਰ ਹੁੰਦਾ ਹੈ ਕਿ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਇੱਥੇ ਸੁੱਟੀ ਗਈ ਹੈ। ਜਾਣਕਾਰੀ ਅਨੁਸਾਰ ਸੁਭਾਨਾ ਫਾਟਕ ਲਾਗੇ ਕੱਪੜੇ ਵਿਚ ਲਿਪਟੀ ਲਾਸ਼ ਦਿਖਾਈ ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ, ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਥਾਣਾ ਨੰਬਰ ਸੱਤ ਦੇ ਮੁਖੀ ਇੰਸਪੈਕਟਰ ਨਵੀਨਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਲਾਸ਼ 40-45 ਸਾਲ ਦੇ ਕਿਸੇ ਵਿਅਕਤੀ ਦੀ ਲੱਗਦੀ ਹੈ ਪਰ ਉਸ ਦੀ ਕੋਈ ਪਹਿਚਾਣ ਨਹੀਂ ਹੋ ਸਕੀ। ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ਤਾਂ ਉਨ੍ਹਾਂ ਨੇ ਕਦੀ ਵੀ ਇਸ ਵਿਅਕਤੀ ਨੂੰ ਇੱਥੇ ਨਹੀਂ ਦੇਖਿਆ। ਮਿ੍ਤਕ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨਾਂ ਤੋਂ ਇਹੀ ਜਾਪਦਾ ਹੈ ਕਿ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਸੁਭਾਨਾ ਫਾਟਕ ਲਾਗੇ ਸੁੱਟੀ ਗਈ ਹੈ। ਫਿਲਹਾਲ ਪੁਲਿਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਥਾਣਾ ਸੱਤ ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਡਟੀ ਹੋਈ ਹੈ ਅਤੇ ਜਲਦ ਹੀ ਇਸ ਬਾਰੇ ਪਤਾ ਲੱਗ ਜਾਵੇਗਾ।