ਰਾਕੇਸ ਗਾਂਧੀ, ਜਲੰਧਰ : ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਦੀ ਮੌਤ ਹੋ ਗਈ। ਇਹ ਖ਼ਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਚੁੱਘ ਨੇ ਘਰੇਲੂ ਪਰੇਸ਼ਾਨੀ ਕਾਰਨ ਖ਼ੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਿਸ ਇਸ ਨੂੰ ਸਿਰਫ਼ ਹਾਦਸਾ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜੀਆਰਪੀ ਥਾਣਾ ਮੁਖੀ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸਵੇਰੇ 6.50 ਵਜੇ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਵਿਅਕਤੀ ਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਪਰਿਵਾਰ ਵਾਲਿਆਂ ਅਨੁਸਾਰ ਸ਼ਿਵ ਦਿਆਲ ਚੁੱਘ ਸਵੇਰੇ ਘਰੋਂ ਸੈਰ ਲਈ ਨਿਕਲੇ ਸਨ, ਪਰ ਉਹ ਜਦ ਕਾਫ਼ੀ ਸਮਾਂ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਸ਼ਾਮ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਦੀ ਲਾਸ਼ ਜਲੰਧਰ ਕੈਂਟ ਤੋਂ ਸਿਵਲ ਹਸਪਤਾਲ ਲਈ ਭੇਜੀ ਗਈ ਹੈ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਪਹੁੰਚੇ ਤੇ ਉਨ੍ਹਾਂ ਦੀ ਪਛਾਣ ਕੀਤੀ।

ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਬੇਗਮਪੁਰਾ ਐਕਸਪ੍ਰੈੱਸ ਦੇ ਡਰਾਈਵਰ ਵੱਲੋਂ ਇਹ ਲਿਖ ਕੇ ਭੇਜਿਆ ਗਿਆ ਹੈ ਕਿ ਪਲੇਟਫਾਰਮ ਨੰਬਰ ਦੋ ’ਤੇ ਫੋਨ ਸੁਣਦੇ ਸਮੇਂ ਉਕਤ ਬਜ਼ੁਰਗ ਰੇਲ ਗੱਡੀ ਦੀ ਲਪੇਟ ’ਚ ਆ ਗਿਆ ਸੀ।

Posted By: Jagjit Singh