ਰਾਕੇਸ਼ ਗਾਂਧੀ, ਜਲੰਧਰ : ਸ਼ਾਸਤਰੀ ਮਾਰਕੀਟ ਵਿਵਾਦ ਤੋਂ ਬਾਅਦ ਡੀਸੀਪੀ ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਾਲੇ ਭਾਵੇਂ ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਵੱਲੋਂ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਸ਼ੁੱਕਰਵਾਰ ਸਵੇਰੇ ਡੀਸੀਪੀ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਡੀਸੀਪੀ ਨਰੇਸ਼ ਡੋਗਰਾ ਦੇ ਹੱਕ ਵਿਚ ਨਿੱਤਰ ਆਈਆਂ ਹਨ। ਸਾਰੀਆਂ ਪਾਰਟੀਆਂ ਨੇ ਵਿਧਾਇਕ ਰਮਨ ਅਰੋੜਾ ਵੱਲੋਂ ਡਿਊਟੀ ਅਫ਼ਸਰ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਡੀਸੀਪੀ ਨਰੇਸ਼ ਡੋਗਰਾ ਦੇ ਤਬਾਦਲੇ ਤੋਂ ਬਾਅਦ ਕਈ ਸਾਬਕਾ ਪੁਲਿਸ ਅਧਿਕਾਰੀਆਂ ਨੇ ਵੀ ਖੁੱਲ੍ਹ ਕੇ ਨਰੇਸ਼ ਡੋਗਰਾ ਦਾ ਸਾਥ ਦਿੱਤਾ ਅਤੇ ਵਿਧਾਇਕ ਖ਼ਿਲਾਫ਼ ਭੜਾਸ ਕੱਢੀ। ਅੱਜ ਕਈ ਥਾਵਾਂ 'ਤੇ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਡੀਸੀਪੀ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ।

ਬੀਜੇਪੀ ਅਤੇ ਕਾਂਗਰਸ ਦੇ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਵਿਚ ਵਿਧਾਇਕਾਂ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ, ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਡੀਸੀਪੀ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ।

---------

ਪੁਲਿਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ ਡੀਸੀਪੀ ਨਰੇਸ਼ ਡੋਗਰਾ ਦੀ ਹਮਾਇਤ

ਪੁਲਿਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇਕ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਡੀਸੀਪੀ ਨਰੇਸ਼ ਡੋਗਰਾ ਦੇ ਨਾਲ ਜੋ ਹੋਇਆ, ਉਹ ਬਿਲਕੁਲ ਗਲਤ ਹੈ। ਜੇਕਰ ਪੁਲਿਸ ਅਧਿਕਾਰੀ ਹੀ ਸੁਰੱਖਿਅਤ ਨਹੀਂ ਹਨ ਤਾਂ ਜਨਤਾ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਧਾਇਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

--------

ਧਰਨੇ 'ਤੇ ਬੈਠੇ ਡਾਕਟਰਾਂ ਨੂੰ ਮਨਾਉਣ ਪਹੁੰਚੇ ਵਿਧਾਇਕ ਰਮਨ ਅਰੋੜਾ

ਸਿਵਲ ਹਸਪਤਾਲ ਵਿਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਅਤੇ ਤੋੜ ਫੋੜ ਖ਼ਿਲਾਫ਼ ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਐਮਰਜੈਂਸੀ ਵਾਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਸਿਵਲ ਹਸਪਤਾਲ ਪਹੁੰਚੇ ਅਤੇ ਧਰਨੇ 'ਤੇ ਬੈਠੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪੀਸੀਐੱਮਐੱਸ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਰਿੰਦਰ ਸਿੰਘ ਰਿਆੜ ਨੇ ਕਿਹਾ ਕਿ ਜੇਕਰ ਸ਼ਨਿੱਚਰਵਾਰ ਸਵੇਰੇ ਅੱਠ ਵਜੇ ਤਕ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਕੰਮਕਾਜ ਠੱਪ ਕਰ ਕੇ ਉਹ ਐਮਰਜੈਂਸੀ ਵੀ ਬੰਦ ਰੱਖਣਗੇ ਅਤੇ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਟਾਫ ਨੂੰ ਕਿਹਾ ਕਿ ਉਹ ਜਲਦ ਹੀ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਨੂੰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਨਾਲ ਬੈਠਕ ਕਰਵਾ ਕੇ ਇਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਵਰਿੰਦਰ ਸਿੰਘ ਰਿਆੜ ਨੇ ਕਿਹਾ ਕਿ ਮੰਗਲਵਾਰ ਤਕ ਧਰਨੇ ਅਤੇ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਗਲੀ ਰਣਨੀਤੀ ਤਿਆਰ ਕਰਨਗੇ।

----------

ਪੁਲਿਸ ਅਧਿਕਾਰੀ 'ਤੇ ਹਮਲਾ ਕਰਨਾ ਗ਼ਲਤ : ਸਾਬਕਾ ਡੀਜੀਪੀ ਸ਼ਸ਼ੀਕਾਂਤ

ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਹੈ ਕਿ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ 'ਤੇ ਹਮਲਾ ਕਰਨਾ ਬਹੁਤ ਹੀ ਗਲਤ ਗੱਲ ਹੈ। ਇਸ ਨਾਲ ਪੁਲਿਸ ਅਤੇ ਜਨਤਾ ਦਾ ਮਨੋਬਲ ਡਿੱਗਦਾ ਹੈ। ਉਨ੍ਹਾਂ ਕਿਹਾ ਕਿ ਡੀਸੀਪੀ ਨਰੇਸ਼ ਡੋਗਰਾ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਪੁਲਿਸ ਵਿਭਾਗ ਆਪਣਾ ਕੰਮ ਨਿਰਪੱਖ ਅਤੇ ਬੇਖ਼ੌਫ਼ ਹੋ ਕੇ ਕਰ ਸਕੇ।

)(ਫੋਟੋ ਨੰਬਰ ਹਿੰਦੀ ਚੋਂ 60, 61, 68 ਤੇ 69