ਪੱਤਰ ਪ੍ਰਰੇਰਕ, ਜਲੰਧਰ ਛਾਉਣੀ : ਪੀਏਪੀ ਪੁਲ਼ ਦਾ ਨਿਰਮਾਣ ਹੋਣ ਤੋਂ ਬਾਅਦ ਵੀ ਦਿਨੋਂ-ਦਿਨ ਵਧ ਰਹੀ ਆਵਾਜਾਈ ਦੀ ਸਮੱਸਿਆ ਦਾ ਹੱਲ ਨਾ ਨਿਕਲਣ 'ਤੇ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਟ੍ਰੈਫਿਕ ਪੁਲਿਸ ਦੀ ਟੀਮ ਨਾਲ ਪੁਲ਼ ਦੇ ਬੰਦ ਪਏ ਹਿੱਸੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਏਪੀ ਪੁਲ਼ ਦੇ ਚਾਲੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਹੋਈਆਂ ਦੁਰਘਟਨਾਵਾਂ ਨੂੰ ਦੇਖਦਿਆਂ ਰਾਮਾ ਮੰਡੀ ਤੋਂ ਅੰਮਿ੍ਤਸਰ ਵੱਲ ਜਾਣ ਵਾਲਾ ਪਾਸਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਆਵਾਜਾਈ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਸੀ ਇਸ ਸਮੱਸਿਆ ਦੇ ਹੱਲ ਲਈ ਐੱਨਐੱਚਆਈਏ ਤੇ ਪੁਲ਼ ਦਾ ਨਿਰਮਾਣ ਕਰ ਰਹੀ ਨਿੱਜੀ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਪੁਲ ਦੇ ਡਿਜ਼ਾਈਨ ਦੀ ਜਾਂਚ ਕਰਨ ਲਈ ਇਕ ਟੀਮ ਬਣਾ ਦਿੱਤੀ ਗਈ ਜੋ ਅਗਲੇ ਦੋ ਦਿਨਾਂ 'ਚ ਇਹ ਫੈਸਲਾ ਕਰੇਗੀ ਕਿ ਰਾਮਾ ਮੰਡੀ ਤੋਂ ਆਉਣ ਵਾਲੀ ਆਵਾਜਾਈ ਤੇ ਪੀਏਪੀ ਚੌਕ ਤੋਂ ਰੇਲਵੇ ਪੁਲ਼ 'ਤੇ ਚੜ੍ਹਨ ਵਾਲੇ ਟ੍ਰੈਫਿਕ ਨੂੰ ਕਿਵੇਂ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਐੱਨਐੱਚਆਈਏ ਦੇ ਅਧਿਕਾਰੀਆਂ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਇਸ ਸਮੱਸਿਆ ਨੂੰ ਛੇਤੀ ਹੱਲ ਕੀਤਾ ਜਾਵੇਗਾ ਜੇ ਪੁਲ ਦੇ ਡਿਜ਼ਾਇਨ 'ਚ ਵੀ ਕੁਝ ਤਬਦੀਲੀ ਕਰਨੀ ਪਈ ਤਾਂ ਉਹ ਵੀ ਕੀਤੀ ਜਾ ਸਕਦੀ ਹੈ। ਨਰੇਸ਼ ਡੋਗਰਾ ਨੇ ਦੱਸਿਆ ਕਿ ਸਵੇਰੇ ਡੀਸੀ ਜਲੰਧਰ ਨਾਲ ਮੀਟਿੰਗ ਕੀਤੀ ਗਈ ਹੈ। ਡੀਸੀ ਨੇ ਭਰੋਸਾ ਦਿੱਤਾ ਹੈ ਕਿ ਨੈਸ਼ਨਲ ਹਾਈਵੇ ਦੇ ਨਾਲ-ਨਾਲ ਬਣੀ ਸਰਵਿਸ ਲੇਨ ਦਾ ਪੈਚ ਵਰਕ ਛੇਤੀ ਕਰਵਾ ਦਿੱਤਾ ਜਾਵੇਗਾ ਤਾਂ ਕਿ ਟ੍ਰੈਫਿਕ ਜਾਮ ਤੇ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।