ਪਿ੍ਰਤਪਾਲ ਸਿੰਘ, ਸ਼ਾਹਕੋਟ

ਸ਼ਾਹਕੋਟ ਸਬ ਡਵੀਜ਼ਨ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ 21 ਪਿੰਡਾਂ 'ਚੋਂ 11 ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਐਤਵਾਰ ਨੂੰ ਬਿਜਲੀ ਸਪਲਾਈ ਬਹਾਲ ਕਰ ਕੇ ਵੱਡੀ ਰਾਹਤ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ 11 ਪਿੰਡਾਂ ਵਿਚ ਪਾਣੀ ਨਿਕਲ ਜਾਣ ਕਰ ਕੇ ਪੀਐੱਸਪੀਸੀਐੱਲ ਦੇ ਕਰਮਚਾਰੀ ਇਨ੍ਹਾਂ ਪਿੰਡਾਂ ਵਿਚ ਗਏ ਤੇ ਬਿਜਲੀ ਸਪਲਾਈ ਬਹਾਲ ਕੀਤੀ। ਉਨ੍ਹਾਂ ਕਿਹਾ ਕਿ ਗੱਟੀ ਰਾਏਪੁਰ, ਗੱਟੀ ਬਖ਼ਸ਼, ਕਮਾਲਪੁਰ, ਜੱਕਾਪੁਰ, ਕੱਕੜ ਕਲਾਂ, ਫ਼ਤਹਿਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਦ, ਜਲਾਲਪੁਰ, ਸਰਦਾਰਵਾਲਾ ਅਤੇ ਕੋਠਾ ਪਿੰਡ ਵਿਚ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਘਟਣ 'ਤੇ ਬਾਕੀ ਦੇ 10 ਪਿੰਡਾਂ ਵਿਚ ਵੀ ਬਿਜਲੀ ਦੀ ਸਪਲਾਈ ਬਹਾਲ ਹੋ ਜਾਵੇਗੀ। ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਵਧ ਤੋਂ ਵਧ ਰਾਹਤ ਦੇਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਦੌਰਾਨ ਗੁਆਚੇ ਹੋਏ ਬਿਜਲਈ ਯੰਤਰ ਜਿਵੇਂ ਕਿ ਬਿਜਲੀ ਦੇ ਮੀਟਰ, ਤਾਰਾਂ, ਖੰਭਿਆਂ ਤੇ ਟਰਾਂਸਫਾਰਮਰਾਂ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ ਤੇ ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।