ਜਤਿੰਦਰ ਪੰਮੀ, ਜਲੰਧਰ

ਪਿਛਲੇ ਸਮੇਂ ਕਾਫੀ ਸਮੇਂ ਤੋਂ ਸਾਹਿਤ ਤੇ ਸੱਭਿਆਚਾਰਕ ਸਰਗਰਮੀਆਂ ਤੋਂ ਮਹਿਰੂਮ ਪਿਆ ਵਿਰਸਾ ਵਿਹਾਰ ਛੇਤੀ ਹੀ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣੇਗਾ। ਨਾਮਦੇਵ ਚੌਕ ਸਥਿਤ ਵਿਰਸਾ ਵਿਹਾਰ ਜੋ 2005 'ਚ ਜ਼ਿਲ੍ਹਾ ਲਾਇਬ੍ਰੇਰੀ ਦੀ ਜ਼ਮੀਨ 'ਚ ਐੱਮਪੀ ਲੈਡ ਸਕੀਮ ਅਧੀਨ ਹੋਂਦ 'ਚ ਆਇਆ ਸੀ, ਵਿਚ ਪਿਛਲੇ ਕਾਫੀ ਸਮੇਂ ਤੋਂ ਨਾਮਾਤਰ ਸਰਗਰਮੀਆਂ ਹੀ ਹੋ ਰਹੀਆਂ ਹਨ। ਸ਼ੁਰੂਆਤ 'ਚ ਇਥੇ ਕਾਫੀ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਹੁੰਦੀਆਂ ਸਨ ਪਰ ਹੌਲ਼ੀ-ਹੌਲ਼ੀ ਪ੍ਰਬੰਧਕੀ ਖਾਮੀਆਂ ਕਾਰਨ ਇਹ ਵਿਸਾਰ ਦਿੱਤਾ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਕਲਾ, ਸਾਹਿਤ ਤੇ ਹੋਰ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾਉਣ ਲਈ ਯਤਨ ਆਰੰਭੇ ਗਏ ਹਨ। ਇਸ ਸਬੰਧੀ ਮੰਗਲਵਾਰ ਡੀਸੀ ਵੱਲੋਂ ਜ਼ਿਲ੍ਹਾ ਸੱਭਿਆਚਾਰਕ ਤੇ ਸਾਹਿਤ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਰਸਾ ਵਿਹਾਰ ਨੂੰ ਕਲਾ ਤੇ ਹੋਰ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾਉਣ ਲਈ ਇਸ ਦੇ ਨਵੀਨੀਕਰਨ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਵਿਰਸਾ ਵਿਹਾਰ 'ਚ ਸਥਿਤ ਗੈਲਰੀ ਸੈਕਸ਼ਨ, ਜਨਰਲ ਮੋਟਿਵ ਹਾਲ, ਓਪਨ ਏਅਰ ਥੀਏਟਰ ਤੇ ਆਡੀਟੋਰੀਅਮ ਨੂੰ ਨਵੀਂ ਦਿਖ ਪ੍ਰਦਾਨ ਕਰਨਗੇ ਤੇ ਇਸ ਤੋਂ ਇਲਾਵਾ ਵਾਟਰ ਹਾਰਵੈਸਟਿੰਗ ਪ੍ਰਣਾਲੀ ਤੇ ਸੋਲਰ ਪੈਨਲ ਵੀ ਲਾਉਣ ਦੀ ਯੋਜਨਾ ਹੈ। ਸਵਾਗਤੀ ਕਾਊਂਟਰ ਸਥਾਪਤ ਕਰਨ ਤੋਂ ਬਾਅਦ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਲਾਈ ਜਾਵੇਗੀ ਤੇ ਨਗਰ ਨਿਗਮ ਜਲੰਧਰ ਨੂੰ ਇਮਾਰਤ ਦੇ ਆਲੇ-ਦੁਆਲੇ ਨਿਯਮਤ ਸਫਾਈ ਲਈ ਪੱਕੇ ਤੌਰ 'ਤੇ ਕਾਮੇ ਦੀ ਡਿਊਟੀ ਲਾਉਣ ਲਈ ਕਿਹਾ ਗਿਆ ਹੈ। ਡੀਸੀ ਸ਼ਰਮਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਨੇਕ ਕਾਰਜ 'ਚ ਵੱਧ ਤੋਂ ਵੱਧ ਗਿਣਤੀ ਵਿਚ ਯੋਗਦਾਨ ਪਾਇਆ ਜਾਵੇ। ਉਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਸ਼ਹਿਰ ਦੇ ਬਿਲਕੁਲ ਵਿਚਾਲੇ ਤੇ ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਵਿਰਸਾ ਵਿਹਾਰ 'ਚ ਵੱਧ ਤੋਂ ਵੱਧ ਪ੍ਰਰੋਗਰਾਮ ਕਰਵਾਉਣ ਲਈ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਵਿਰਸਾ ਵਿਹਾਰ ਨੌਜਵਾਨ ਪੀੜ੍ਹੀ ਨੂੰ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾਅ ਸਕੇ, ਇਸ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ। ਵਿਰਸਾ ਵਿਹਾਰ ਨੂੰ ਇਸ ਖੇਤਰ ਦਾ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਦਾ ਹੱਬ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਸਰਗਰਮੀਆਂ ਵਿਰਸਾ ਵਿਹਾਰ ਵਿਖੇ ਕਰਵਾਈਆਂ ਜਾਣਗੀਆਂ। ਅਜਿਹਾ ਇਸ ਲਈ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਸਾਡੀਆਂ ਪੀੜ੍ਹੀਆਂ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵਿਸਾਰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਮੰਤਵ ਦੀ ਪੂਰਤੀ ਲਈ ਵੱਖ-ਵੱਖ ਸੱਭਿਆਚਾਰਕ ਸਰਗਰਮੀਆਂ ਇਥੇ ਕਰਵਾਈਆਂ ਜਾਣਗੀਆਂ। ਇਸ ਸਬੰਧੀ ਸੰਪਰਕ ਕਰਨ 'ਤੇ ਦਫ਼ਤਰ ਸਕੱਤਰ ਕੈਪਟਨ ਇੰਦਰਜੀਤ ਸਿੰਘ ਧਾਮੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਨੂੰ ਮੁੜ ਗੁਲਜ਼ਾਰ ਕਰਨ ਲਈ ਦਿਖਾਈ ਜਾ ਰਹੀ ਰੁਚੀ ਤਹਿਤ ਇਥੇ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ 'ਚ ਵਾਧਾ ਕਰਨ ਲਈ ਵੱਖ-ਵੱਖ ਵਿੱਦਿਅਕ ਸੰਸਥਾਵਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਇਥੇ ਵੱਧ ਤੋਂ ਵੱਧ ਪ੍ਰਰੋਗਰਾਮ ਕਰਵਾਏ ਜਾ ਸਕਣ। ਕੈਪਟਨ ਧਾਮੀ ਨੇ ਦੱਸਿਆ ਕਿ ਪ੍ਰਰੋਗਰਾਮ ਕਰਵਾਉਣ ਵਾਲੇ ਸੰਸਥਾਨਾਂ, ਸਭਾਵਾਂ ਤੇ ਜਥੇਬੰਦੀਆਂ ਕੋਲੋਂ ਬਹੁਤ ਹੀ ਵਾਜ੍ਹਬ ਕਿਰਾਇਆ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਸੰਸਥਾਨ ਵਿਰਸਾ ਵਿਹਾਰ ਵਿਚਲੇ ਆਡੀਟੋਰੀਅਮ ਜਾਂ ਹਾਲ ਨੂੰ ਸੰਵਾਰਨ 'ਚ ਯੋਗਦਾਨ ਪਾਉਣਗੇ ਉਨ੍ਹਾਂ ਕੋਲੋਂ ਕਿਰਾਇਆ ਵੀ ਨਹੀਂ ਵਸੂਲਿਆ ਜਾਵੇਗਾ। ਇਸ ਲਈ ਅਜਿਹੇ ਸੰਸਥਾਨਾਂ ਦਾ ਸਵਾਗਤ ਕੀਤਾ ਜਾਵੇਗਾ, ਜਿਹੜੇ ਵਿਰਸਾ ਵਿਹਾਰ ਨੂੰ ਸਰਗਰਮੀਆਂ ਦਾ ਕੇਂਦਰ ਬਣਾਉਣ 'ਚ ਯੋਗਦਾਨ ਪਾਉਣ ਦੇ ਇਛੁੱਕ ਹੋਣਗੇ। ਮੀਟਿੰਗ 'ਚ ਸੀਨੀਅਰ ਪੱਤਰਕਾਰ ਦੀਪਕ ਜਲੰਧਰੀ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲ੍ਹਾ ਮੁਖੀ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ, ਅਲੋਕ ਸੋਂਧੀ, ਡਾ. ਇੰਦਰਜੀਤ ਸਿੰਘ, ਐੱਸਪੀ ਲੂਥਰ ਤੇ ਅਨੂਪ ਵਤਸ ਆਦਿ ਹਾਜ਼ਰ ਸਨ।