ਜਤਿੰਦਰ ਪੰਮੀ, ਜਲੰਧਰ : ਨਿੱਜੀ ਹਸਪਤਾਲਾਂ, ਆਰਐੱਮਪੀ, ਬੀਏਐੱਮਐੱਸ ਡਾਕਟਰਾਂ ਨੂੰ ਉਨ੍ਹਾਂ ਕੋਲ ਆਉਣ ਵਾਲੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਬਾਰੇ ਜਾਣਕਾਰੀ ਦੇਣੀ ਪਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ, ਮੁਹੱਲਾ ਕਲੀਨਿਕਾਂ ਤੇ ਪਿੰਡਾਂ 'ਚ ਕਲੀਨਿਕ ਚਲਾਉਣ ਵਾਲੇ ਡਾਕਟਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਕੋਲ ਕੋਈ ਵੀ ਕੋਰੋਨਾ ਦਾ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਸਟੇਟ ਕੰਟਰੋਲ ਰੂਮ, ਜ਼ਿਲ੍ਹਾ ਕੋਵਿਡ ਕੇਅਰ ਕੰਟਰੋਲ ਰੂਮ ਅਤੇ ਸਿਵਲ ਸਰਜਨ ਦਫਤਰ ਦੇ ਕੰਟਰੋਲ ਰੂਮ 'ਚ ਤੁਰੰਤ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਹੈ ਕਿ ਦੇਖਣ ਵਿਚ ਆਇਆ ਹੈ ਕੋਰੋਨਾ ਦਾ ਸ਼ਿਕਾਰ ਹੋਣ ਵਾਲੇ ਕਈ ਮਰੀਜ਼ ਪ੍ਰਾਈਵੇਟ ਹਸਪਤਾਲ ਜਾਂ ਮੁਹੱਲਾ ਕਲੀਨਿਕਾਂ ਤੋਂ ਦਵਾਈ ਲੈ ਕੇ ਆਪਣਾ ਇਲਾਜ ਕਰਵਾ ਰਹੇ ਹਨ। ਉਕਤ ਡਾਕਟਰ ਅਜਿਹੇ ਮਰੀਜ਼ਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਜਿਸ ਕਾਰਨ ਕਈ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਕਰਦੇ ਹਨ ਪਰ ਜਦੋਂ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਤਾਂ ਸਿਵਲ ਹਸਪਤਾਲ ਭੇਜ ਦਿੰਦੇ ਹਨ ਜਿੱਥੇ ਮਰੀਜ਼ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਸਾਰੇ ਪ੍ਰਾਈਵੇਟ ਹਸਪਤਾਲ, ਮੁਹੱਲਾ ਕਲੀਨਿਕਾਂ ਤੇ ਪਿੰਡਾਂ 'ਚ ਡਾਕਟਰੀ ਕਰਨ ਵਾਲੇ ਡਾਕਟਰਾਂ ਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਉਹ ਆਪਣੇ ਕੋਲ ਇਲਾਜ ਲਈ ਆਉਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜਾਣਕਾਰੀ ਉਕਤ ਕੰਟਰੋਲ ਰੂਮਾਂ ਦੇ ਨੰਬਰਾਂ ਉਪਰੰਤ ਤੁਰੰਤ ਦੇਣ।

Posted By: Seema Anand