ਪੰਜਾਬੀ ਜਾਗਰਣ ਕੇਂਦਰ, ਜਲੰਧਰ : ਟਾਂਡਾ ਰੇਲਵੇ ਕਰਾਸਿੰਗ 'ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਅਤਿ-ਲੋੜੀਂਦੀ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉੱਤਰੀ ਰੇਲਵੇ ਅੱਗੇ ਇਸ ਕਰਾਸਿੰਗ 'ਤੇ ਰੇਲਵੇ ਅੰਡਰ ਬ੍ਰਿਜ (ਆਰਯੂਬੀ) ਬਣਾਉਣ ਦਾ ਪ੍ਰਸਤਾਵ ਰੱਖਿਆ ਹੈ, ਜੋ ਕਿ ਸਭ ਤੋਂ ਰੁਝੇਵੇਂ ਵਾਲੇ ਇਕ ਅੰਮ੍ਰਿਤਸਰ-ਦਿੱਲੀ ਰੇਲ ਮਾਰਗ 'ਤੇ ਪੈਂਦੀ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਲੋਕ ਨਿਰਮਾਣ ਵਿਭਾਗ, ਰੇਲਵੇ ਜਲੰਧਰ, ਨਗਰ ਨਿਗਮ, ਮਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਾਈਟ ਦਾ ਦੌਰਾ ਕੀਤਾ ਤੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਜਲੰਧਰ ਨੇ ਇਥੇ ਆਰਯੂਬੀ ਦੀ ਉਸਾਰੀ ਬਾਰੇ ਆਪਣੀਆਂ ਸੰਭਾਵਤ ਰਿਪੋਰਟਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਰਿਪੋਰਟਾਂ ਅਨੁਸਾਰ 350 ਮੀਟਰ ਲੰਬਾ ਤੇ 5.0 ਮੀਟਰ ਚੌੜਾ ਆਰਯੂਬੀ ਬਣਾਇਆ ਜਾ ਸਕਦਾ ਹੈ, ਜਿਸ ਲਈ ਲੋੜੀਂਦੀ ਜ਼ਮੀਨ ਤੇ ਹੋਰ ਬੁਨਿਆਦੀ ਢਾਂਚਾ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਆਰ.ਯੂ.ਬੀ. ਤੋਂ ਇਲਾਵਾ ਕਰਾਸਿੰਗ ਦੇ ਦੋਵਾਂ ਪਾਸੇ ਸਰਵਿਸ ਲੇਨਾਂ ਵੀ ਤਜਵੀਜ਼ ਕੀਤੀਆਂ ਗਈਆਂ ਹਨ।


ਉਨ੍ਹਾਂ ਕਿਹਾ ਕਿ ਪੀਡਬਲਯੂਡੀ ਦੀ ਸਰਵੇਖਣ ਰਿਪੋਰਟ ਤੋਂ ਬਾਅਦ ਜਲੰਧਰ ਰੇਲਵੇ ਦੇ ਅਧਿਕਾਰੀਆਂ ਦੀ ਟੀਮ ਨੇ ਵੀ ਇੱਥੇ ਸੰਭਾਵਨਾ ਦੀ ਜਾਂਚ ਕਰਨ ਉਪਰੰਤ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਰੇਲਵੇ ਕਰਾਸਿੰਗ 'ਤੇ ਰੇਲ ਵਾਹਨ ਇਕਾਈਆਂ ਨੇ 5 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਤੇ ਇਹ ਇਥੇ ਆਰਯੂਬੀ / ਆਰਓਬੀ ਬਣਾਉਣ ਦੇ ਮਾਪਦੰਡਾਂ ਦੇ ਯੋਗ ਹੈ, ਜੋ ਕਿ ਰੇਲਵੇ ਦੀ ਨੀਤੀ ਅਨੁਸਾਰ ਇਕ ਲੱਖ ਹੈ।

ਉਨ੍ਹਾਂ ਕਿਹਾ ਕਿ ਇਹ ਰੇਲਵੇ ਕਰਾਸਿੰਗ ਰੇਲ ਗੱਡੀਆਂ ਦੇ ਆਉਣ-ਜਾਣ ਕਾਰਨ ਜ਼ਿਆਦਾ ਸਮਾਂ ਬੰਦ ਰਹਿੰਦੀ ਹੈ, ਜਿਸ ਕਾਰਨ ਇਥੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਕਈ ਵਾਰ ਇਹ ਕਰਾਸਿੰਗ ਅੱਧੇ ਘੰਟੇ ਲਈ ਵੀ ਬੰਦ ਰਹਿੰਦੀ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਥੋਰੀ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕ ਵੀ ਪਿਛਲੇ ਕੁਝ ਸਾਲਾਂ ਤੋਂ ਇਸ ਰੇਲਵੇ ਕਰਾਸਿੰਗ 'ਤੇ ਆਰਯੂਬੀ ਬਣਾਉਣ ਦੀ ਮੰਗ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਲਈ ਵੀ ਸਿਰਦਰਦੀ ਬਣ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰ.ਯੂ.ਬੀ. ਲਈ ਸਿਧਾਂਤਕ ਪ੍ਰਵਾਨਗੀ ਲਈ ਮੁਕੰਮਲ ਜਨਰਲ ਅਰੇਂਜਮੈਂਟ ਡਰਾਇੰਗ ਵੀ ਡੀ.ਆਰ.ਐਮ ਫਿਰੋਜ਼ਪੁਰ ਉੱਤਰੀ ਰੇਲਵੇ ਨੂੰ ਪੇਸ਼ ਕੀਤੀ ਗਈ ਹੈ, ਜਿਸ ਨਾਲ ਲੱਖਾਂ ਯਾਤਰੀਆਂ, ਵਪਾਰੀਆਂ ਅਤੇ ਵਸਨੀਕਾਂ ਨੂੰ ਸੁਵਿਧਾ ਹੋਵੇਗੀ।

ਇਸ ਦੌਰਾਨ ਘਨਸ਼ਿਆਮ ਥੋਰੀ ਨੇ ਲੱਧੇਵਾਲੀ ਰੇਲਵੇ ਕਰਾਸਿੰਗ ਵਿਖੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਤਬਦੀਲ ਕਰਨ ਦੇ ਕੰਮ ਦੀ ਵੀ ਨਿਗਰਾਨੀ ਕੀਤੀ। ਜ਼ਿਕਰਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ 29 ਦਸੰਬਰ ਨੂੰ 23.50 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਕਿ ਜਲਦੀ ਕੰਮ ਮੁਕੰਮਲ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਰ. ਓ. ਬੀ. ਦਾ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਆਰੰਭ ਹੋ ਸਕੇ।

ਇਸ ਮੌਕੇ ਐਸਡੀਐਮ ਡਾ. ਜੈ ਇੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ ਅਤੇ ਆਰ) ਭਾਗਵਿੰਦਰ ਸਿੰਘ ਤੁਲੀ, ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਐਸਡੀਓ ਵਿਸ਼ਾਲ ਕੁਮਾਰ, ਸਹਾਇਕ ਇੰਜੀਨੀਅਰ ਰਾਹੁਲ ਤੇ ਹੋਰ ਮੌਜੂਦ ਸਨ।

Posted By: Rajnish Kaur