ਸਤਿੰਦਰ ਸ਼ਰਮਾ, ਫਿਲੌਰ : ਸਤਲੁਜ ਦਰਿਆ ਨਾਲ ਲੱਗਦੇ ਪਿੰਡ ਪੁਆਰੀ ਦੇ ਬੰਨ੍ਹ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਕਰ ਕੇ ਨਾਲ ਲੱਗਦੇ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਤੇ ਪਿੰਡ ਵਾਸੀਆਂ ਦੇ ਸਾਹ ਸੂਤੇ ਹੋਏ ਹਨ। ਉਥੇ ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਪਿੰਡ ਪੁਆਰੀ ਨਾਲ ਲੱਗਦੇ ਅਨੇਕਾਂ ਪਿੰਡ ਖ਼ਤਰੇ ਦੀ ਮਾਰ ਹੇਠ ਹਨ। 5-6 ਦਿਨ ਪਹਿਲਾਂ ਦਰਿਆ 'ਚ ਭਰਿਆ ਪਾਣੀ ਠੀਕ ਲੰਘ ਰਿਹਾ ਸੀ ਪਰ ਜਦੋਂ ਪਾਣੀ ਘਟ ਗਿਆ ਤਾਂ ਦਰਿਆ ਦੇ ਵਿਚਕਾਰ ਰੇਤੇ ਦਾ ਇਕ ਬਹੁਤ ਜ਼ਿਆਦਾ ਵੱਡਾ ਟਾਪੂ ਬਣ ਗਿਆ ਜਿਸ ਕਰ ਕੇ ਪਾਣੀ ਦਾ ਵਹਾਅ ਮੰਡ 'ਚ ਪੈਂਦੇ ਪਿੰਡ ਲਸਾੜਾ, ਪੁਆਰੀ, ਕਤਪਾਲੋਂ, ਕੜਿਆਣਾ ਵੱਲ ਨੂੰ ਹੋ ਗਿਆ ਅਤੇ ਦਰਿਆ ਦਾ ਤੇਜ਼ ਪਾਣੀ ਖੇਤਾਂ ਦੀ ਮਿੱਟੀ ਨੂੰ ਵੱਢਦਾ-ਵੱਢਦਾ ਘੱਟੋ-ਘੱਟ ਦੋ-ਢਾਈ ਏਕੜ ਦੇ ਕਰੀਬ ਚੌੜਾਈ 'ਚ ਦਰਿਆ ਦੇ ਨਾਲ ਲੱਗਦੇ ਖੇਤਾਂ ਦੀ ਮਿੱਟੀ ਨੂੰ ਵੱਢ ਕੇ ਲੈ ਗਿਆ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਦੇ ਉਪਰੋਂ ਦੀ ਦਰਿਆ ਵਹਿਣ ਲੱਗ ਗਿਆ। ਕਿਸਾਨਾਂ ਨੇ ਦੱਸਿਆ ਕਿ ਪੁਆਰੀ ਦੇ ਬੰਨ੍ਹ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੈ, ਪਿਛੋਂ ਪਾਣੀ ਵੀ ਲਗਾਤਾਰ ਛੱਡਿਆ ਜਾ ਰਿਹਾ ਹੈ, ਕਿਸੇ ਵੇਲੇ ਵੀ ਬੰਨ੍ਹ ਟੁੱਟਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਉਕਤ ਪਿੰਡਾਂ ਦੀਆਂ ਜ਼ਮੀਨਾਂ ਤੇ ਪਿੰਡ ਵਾਸੀ ਖ਼ਤਰੇ 'ਚ ਪੈ ਸਕਦੇ ਹਨ।

ਕਿਸਾਨ ਦਵਿੰਦਰ ਸਿੰਘ ਲਸਾੜਾ ਨੇ ਦੱਸਿਆ ਕਿ ਇਲਾਕੇ ਦੇ ਸੈਂਕੜੇ ਕਿਸਾਨਾਂ ਨੇ ਪਿੰਡਾਂ ਨੂੰ ਬਚਾਉਣ ਲਈ ਆਲ਼ੇ-ਦੁਆਲ਼ੇ ਤੋਂ 250 ਤੋਂ ਜ਼ਿਆਦਾ ਦਰਖ਼ਤ ਵੱਢ ਕੇ ਦਰਿਆ ਦੇ ਪਾਣੀ ਨੂੰ ਠੱਲ੍ਹ ਲਾਉਣ ਦਾ ਯਤਨ ਕੀਤਾ ਪਰ ਪਾਣੀ ਪਲਾਂ ਵਿਚ ਸਾਰੇ ਦਰਖ਼ਤ ਰੋੜ ਕੇ ਲੈ ਗਿਆ। ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਬੰਧਿਤ ਠੇਕੇਦਾਰ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੇ, ਕੋਈ ਵਿਉਂਤਬੰਦੀ ਨਹੀਂ, ਕੋਈ ਸਲਾਹ ਨਹੀਂ। ਇਲਾਕੇ ਦੇ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਰੇਤੇ ਦੀਆਂ ਬੋਰੀਆਂ ਭਰ ਕੇ ਲੋਹੇ ਦੀਆਂ ਤਾਰਾਂ ਦਾ ਜਾਲ੍ਹ ਪਾ ਕੇ ਬੰਨ੍ਹ ਲਾਇਆ ਜਾਵੇ ਪਰ ਸਬੰਧਿਤ ਵਿਭਾਗ ਵੱਲੋਂ ਰੱਸੀਆਂ ਦਾ ਜਾਲ੍ਹ ਪਾਇਆ ਗਿਆ ਜੋ ਦਰਿਆ ਦੇ ਪਾਣੀ ਦੀ ਮਾਰ ਨੂੰ ਨਹੀਂ ਸਹਾਰ ਸਕਿਆ। ਫਿਰ ਉਨ੍ਹਾਂ ਨੇ ਹੁਣ ਲੋਹੇ ਦੀਆਂ ਤਾਰਾਂ ਲਿਆ ਕੇ ਬੋਰੀਆਂ ਬੰਨ੍ਹ 'ਤੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕਾਂ ਨੇ ਸਲਾਹ ਦਿੱਤੀ ਕਿ ਹੁਣ ਗੱਲ ਅਗਾਂਹ ਲੰਘ ਗਈ ਹੈ, ਇਥੇ ਲੋਹੇ ਦੀਆਂ ਤਾਰਾਂ ਨਾਲ ਪੱਥਰਾਂ ਦੀ ਚਿਣਾਈ ਕੀਤੀ ਜਾਵੇ ਪਰ ਹੁਣ ਇਥੇ ਰੇਤੇ ਦੀਆਂ ਬੋਰੀਆਂ ਭਰ ਕੇ ਲਾਈਆਂ ਜਾ ਰਹੀਆਂ ਹਨ ਜੋ ਕਾਫੀ ਨਹੀਂ ਹਨ। ਜਿਸ ਰਫ਼ਤਾਰ ਨਾਲ ਬੰਨ੍ਹ ਦੀ ਉਸਾਰੀ ਕਰਨੀ ਚਾਹੀਦੀ ਹੈ, ਉਸ ਤਰ੍ਹਾਂ ਨਹੀਂ ਕੀਤੀ ਜਾ ਰਹੀ। ਕਈ ਵਾਰ ਤਾਂ ਠੇਕੇਦਾਰ ਅੱਗੇ ਡਰੇਨੇਜ਼ ਵਿਭਾਗ ਦੇ ਅਧਿਕਾਰੀ ਵੀ ਬੇਵੱਸ ਨਜ਼ਰ ਆਉਂਦੇ ਜਾਪਦੇ ਹਨ। ਦੂਜੇ ਪਾਸੇ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ, ਤਹਿਸੀਲਦਾਰ ਤਪਨ ਭਨੋਟ, ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਪਿਛਲੇ ਕਰੀਬ 10-12 ਦਿਨ ਤੋਂ ਲਗਾਤਾਰ ਬੰਨ੍ਹਾਂ ਦੀ ਰਾਖੀ ਲਈ ਯਤਨਸ਼ੀਲ ਹਨ ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵੇਖਣ ਵਿਚ ਆਇਆ ਕਿ ਬੰਨ੍ਹ 'ਤੇ ਟਿੱਪਰਾਂ ਰਾਹੀਂ ਰੇਤਾ ਲਿਆ ਕੇ ਮਜ਼ਦੂਰਾਂ ਦੀ ਮਦਦ ਨਾਲ ਹਜ਼ਾਰਾਂ ਬੋਰੀਆਂ ਭਰ ਕੇ ਬੰਨ੍ਹ ਦੀ ਉਸਾਰੀ ਕੀਤੀ ਜਾ ਰਹੀ ਸੀ ਤੇ ਅੰਮਿ੍ਤਸਰ ਤੋਂ ਆਏ ਮਾਹਿਰ ਕਾਰੀਗਰ ਲੋਹੇ ਦੀਆਂ ਤਾਰਾਂ ਨਾਲ ਜਾਲ੍ਹ ਬੁਣ ਕੇ ਬੋਰੀਆਂ ਬੰਨ੍ਹ ਵਿਚ ਲਾ ਰਹੇ ਸਨ।

——

(ਡੱਬੀ)

- ਸਾਂਝੀ ਬੁੱਢੀ ਰੋਵੇ ਕੌਣ ਵਾਲੀ ਹਾਲਤ

ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਹ ਇਸ ਇਲਾਕੇ ਦੀ ਬਦਕਿਸਮਤੀ ਹੈ ਕਿ ਇਹ ਪਿੰਡ ਜ਼ਿਲ੍ਹਾ ਨਵਾਂਸ਼ਹਿਰ ਤੇ ਜ਼ਿਲ੍ਹਾ ਜਲੰਧਰ ਦੀ ਸਰਹੱਦ 'ਤੇ ਪੈਂਦੇ ਹਨ। ਜਿੱਥੋਂ ਬੰਨ੍ਹ ਦੀ ਮਿੱਟੀ ਖ਼ੁਰ ਰਹੀ ਹੈ, ਉਹ ਜ਼ਮੀਨਾਂ ਡਰੇਨਜ਼ ਵਿਭਾਗ ਜ਼ਿਲ੍ਹਾ ਨਵਾਂਸ਼ਹਿਰ ਦੇ ਅਧੀਨ ਆਉਂਦੀਆਂ ਹਨ ਪਰ ਪ੍ਰਸ਼ਾਸਨਿਕ ਤੌਰ 'ਤੇ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ। ਇਸ ਲਈ 'ਸਾਂਝੀ ਬੁੱਢੀ, ਰੋਵੇ ਕੌਣ' ਵਾਲੀ ਹਾਲਤ ਹੋ ਗਈ ਹੈ। ਡਰੇਨੇਜ਼ ਵਿਭਾਗ ਇਸ ਇਲਾਕੇ ਨੂੰ ਅਕਸਰ ਨਜ਼ਰ ਅੰਦਾਜ਼ ਕਰਦਾ ਹੈ, ਜਿਸ ਦਾ ਖਾਮਿਆਜ਼ਾ ਹਰ ਸਾਲ ਬਰਸਾਤਾਂ ਦੇ ਮੌਸਮ ਵਿਚ ਦਰਿਆ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ।

——

(ਡੱਬੀ)

- ਸਥਿਤੀ ਹਰ ਤਰ੍ਹਾਂ ਨਾਲ ਕਾਬੂ ਹੇਠ ਰੱਖਣ ਦਾ ਯਤਨ ਕੀਤਾ ਜਾ ਰਿਹੈ : ਐੱਸਡੀਐੱਮ

ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ ਤੇ ਤਹਿਸੀਲਦਾਰ ਫਿਲੌਰ ਤਪਨ ਭਨੋਟ ਨੇ ਦੱਸਿਆ ਕਿ ਬੇਸ਼ੱਕ ਪਿਛਲੇ ਕਰੀਬ 3-4 ਦਿਨ ਤੋਂ ਦਰਿਆ 'ਚ ਰੇਤੇ ਦਾ ਵੱਡਾ ਟਾਪੂ ਬਣਨ ਕਰ ਕੇ ਪੁਆਰੀ ਵਾਲੇ ਬੰਨ੍ਹ ਦੀ ਹਾਲਤ ਨਾਜ਼ੁਕ ਹੈ ਪਰ ਪ੍ਰਸ਼ਾਸਨ ਨੇ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਾਕਤ ਝੋਕ ਰੱਖੀ ਹੈ ਅਤੇ ਸਥਿਤੀ ਹਰ ਤਰ੍ਹਾਂ ਨਾਲ ਕਾਬੂ ਹੇਠ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਐੱਸਡੀਐੱਮ ਸ਼ਰਮਾ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਵਿਚ ਪਾਣੀ ਦਾ ਵਹਾਅ ਕਿਨਾਰਿਆਂ ਦੀ ਮਿੱਟੀ ਨੂੰ ਵੱਢਦਾ ਹੋਇਆ ਡੇਢ-ਦੋ ਸੌ ਮੀਟਰ ਝੋਨੇ ਦੀਆਂ ਫ਼ਸਲਾਂ ਨੂੰ ਰੋੜ ਕੇ ਲੈ ਗਿਆ। ਇਹ ਪੁੱਛੇ ਜਾਣ 'ਤੇ ਕਿ ਕਿੰਨੇ ਕੁ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਕੁੱਝ ਵੀ ਕਹਿਣਾ ਮੁਸ਼ਕਲ ਹੈ, ਇਹ ਸਭ ਤਾਂ ਪਾਣੀ ਉਤਰਨ 'ਤੇ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਤੇ ਉਨ੍ਹਾਂ ਦੇ ਸਪੁੱਤਰ ਪੀਪੀਸੀਸੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਵੀ ਨਿਰੰਤਰ ਸਤਲੁਜ ਦਰਿਆ ਦਾ ਦੌਰਾ ਕਰ ਰਹੇ ਹਨ। ਸਮਾਜਿਕ ਤੇ ਧਾਰਮਿਕ ਸੰਸਥਾਵਾਂ ਲਗਾਤਾਰ ਪੀੜਤ ਪਰਿਵਾਰਾਂ ਤੇ ਕੰਮ ਕਰਨ ਵਾਲਿਆਂ ਨੂੰ ਲੰਗਰ, ਪਾਣੀ, ਬਿਸਕੁਟ, ਬ੍ਰੈੱਡ ਆਦਿ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਹੀ ਲੰਗਰ ਆਦਿ ਸਪਲਾਈ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਐਕਸੀਅਨ ਡਰੇਨੇਜ਼ ਰਾਮ ਰਤਨ, ਐੱਸਡੀਓ ਡਰੇਨੇਜ਼, ਬੀਡੀਪੀਓ ਫਿਲੌਰ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਤਹਿਸੀਲ ਪ੍ਰਧਾਨ ਬਲਰਾਜ ਵਸ਼ਿਸਟ, ਨੰਦ ਕਿਸ਼ੋਰ ਵਸ਼ਿਸ਼ਟ ਆਦਿ ਹਾਜ਼ਰ ਸਨ।