ਰਾਕੇਸ਼ ਗਾਂਧੀ, ਜਲੰਧਰ : ਵਰਕਸ਼ਾਪ ਚੌਕ ਨੇੜੇ ਮਕਸੂਦਾਂ ਮੰਡੀ ਤੋਂ ਆਲੂ ਲੱਦ ਕੇ ਲਿਆ ਰਹੇ ਟਰੱਕ ਨੇ ਸਾਈਕਲ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ। ਗੰਭੀਰ ਰੂਪ ਵਿਚ ਜ਼ਖਮੀ ਹੋਏ ਸਾਈਕਲ ਸਵਾਰ ਨੂੰ ਪੀਸੀਆਰ ਟੀਮ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਾਜ਼ੀ ਗੁੱਲਾ ਚੌਕ ਵੱਲੋਂ ਸਾਈਕਲ ਸਵਾਰ ਵਿਅਕਤੀ ਐੱਚਐੱਮਵੀ ਕਾਲਜ ਵੱਲ ਜਾ ਰਿਹਾ ਸੀ। ਇਸੇ ਦੌਰਾਨ ਮਕਸੂਦਾਂ ਮੰਡੀ ਤੋਂ ਆ ਰਹੇ ਇਕ ਟਰੱਕ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸਾਈਕਲ ਸਵਾਰ ਸੜਕ 'ਤੇ ਡਿੱਗ ਪਿਆ ਤੇ ਟਰੱਕ ਦਾ ਟਾਇਰ ਉਸ ਉਪਰੋਂ ਲੰਘ ਗਿਆ। ਜਿਉਂ ਹੀ ਟਰੱਕ ਚਾਲਕ ਨੇ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਤਾਂ ਉਹ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਪੀਸੀਆਰ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਰੂਪ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਲੈ ਗਈ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਨੰਬਰ ਦੋ ਦੀ ਪੁਲਿਸ ਨੇ ਟਰੱਕ ਕਬਜ਼ੇ ਵਿਚ ਲੈ ਲਿਆ ਹੈ ਤੇ ਉਸ ਦੇ ਡਰਾਈਵਰ ਦੀ ਤਲਾਸ਼ ਕਰ ਰਹੀ ਹੈ। ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਹਿਚਾਣ ਨਾ ਹੋਣ ਕਾਰਨ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ। ਮਿ੍ਤਕ ਦੀ ਪਹਿਚਾਣ ਲਈ ਪੁਲਿਸ ਦੀਆਂ ਟੀਮਾਂ ਬਣਾ ਕੇ ਵੱਖ-ਵੱਖ ਫੈਕਟਰੀਆਂ ਤੇ ਪਿੰਡਾਂ ਵਿੱਚ ਭੇਜੀਆਂ ਗਈਆਂ ਹਨ।