ਜੇਐੱਨਐੱਨ, ਜਲੰਧਰ : ਬਰਮਿੰਘਮ ਕਾਮਨਵੈਲਥ ਗੇਮਜ਼-2022 'ਚ ਚੋਟੀ ਦੇ ਹੈਵੀਵੇਟ 125 ਕਿਲੋ ਭਾਰ ਵਰਗ (ਪੁਰਸ਼) ਮੁਕਾਬਲਿਆਂ 'ਚ ਪੰਜਾਬੀਆਂ ਦੀ ਹੀ ਖ਼ੂਬ ਬੱਲੇ-ਬੱਲੇ ਹੋ ਰਹੀ ਹੈ। ਜਦੋਂ ਜੇਤੂਆਂ ਨੂੰ ਤਗਮੇ ਦੇਣ ਦਾ ਸਮਾਂ ਆਇਆ ਤਾਂ ਪੋਡੀਅਮ 'ਤੇ ਇਕ ਸ਼ਾਨਦਾਰ ਨਜ਼ਾਰਾ ਸੀ। ਗੋਲਡ, ਸਿਲਵਰ ਤੇ ਦੋ ਬ੍ਰੌਨਜ਼ ਮੈਡਲ ਜੇਤੂ ਮੰਚ 'ਤੇ ਖੜ੍ਹੇ ਸਨ। ਚਾਰਾਂ ਦੇ ਦੇਸ਼ ਵੱਖ-ਵੱਖ ਸਨ ਪਰ ਇਕ ਗੱਲ ਸਾਂਝੀ ਸੀ, ਯਾਨੀ ਸਾਰੇ ਜੇਤੂ ਪੰਜਾਬੀ ਮੂਲ ਦੇ ਸਨ। ਮਿੱਟੀ ਨਾਲ ਸਬੰਧਤ ਚਾਰੇ ਪਹਿਲਵਾਨਾਂ ਦੇ ਰਿਸ਼ਤੇਦਾਰ 1947 'ਚ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਰਹਿੰਦੇ ਸਨ।

ਕੈਨੇਡਾ ਦੇ ਅਮਰਵੀਰ ਢੇਸੀ ਨੇ ਫਾਈਨਲ 'ਚ ਪਾਕਿਸਤਾਨ ਦੇ ਜਮਾਂ ਅਨਵਰ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਅਨਵਰ ਨੂੰ ਚਾਂਦੀ ਦੇ ਮੈਡਲ ਨਾਲ ਹੀ ਸਬਰ ਕਰਨਾ ਪਿਆ। ਬ੍ਰੌਨਜ਼ ਮੈਡਲ ਲਈ ਭਾਰਤ ਦੇ ਮੋਹਿਤ ਗਰੇਵਾਲ ਨੇ ਜਮੈਕਾ ਦੇ ਐਰੋਨ ਜੌਨਸਨ ਨੂੰ ਹਰਾਇਆ ਜਦਕਿ ਇੰਗਲੈਂਡ ਦੇ ਮਨਧੀਰ ਕੂਨਰ ਨੇ ਮਾਰੀਸ਼ਸ ਦੇ ਕੇਨਸਲੇ ਮੈਰੀ ਨੂੰ ਹਰਾ ਕੇ ਬ੍ਰੌਨਜ਼ ਮੈਡਲ ਜਿੱਤਿਆ। ਮੈਡਲ ਸਮਾਗਮ ਦੌਰਾਨ ਜੇਤੂ ਮੰਚ 'ਤੇ ਖੜ੍ਹੇ ਚਾਰ ਪਹਿਲਵਾਨ ਅਮਰਵੀਰ ਢੇਸੀ, ਜਮਾਂ ਅਨਵਰ, ਮੋਹਿਤ ਗਰੇਵਾਲ ਤੇ ਮਨਧੀਰ ਕੂਨਰ ਪੰਜਾਬੀ ਮੂਲ ਦੇ ਸਨ।

ਗੋਲਡ ਮੈਡਲ ਜੇਤੂ ਅਮਰਵੀਰ ਦੇ ਪਿਤਾ ਜਲੰਧਰ ਤੋਂ ਕੈਨੇਡਾ ਗਏ

ਅਮਰਵੀਰ ਢੇਸੀ ਦਾ ਜੱਦੀ ਪਿੰਡ ਚੱਢੇ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸੰਘਵਾਲ 'ਚ ਹੈ। ਉਸਦੇ ਪਿਤਾ ਬਲਬੀਰ ਢੇਸੀ ਭਾਰਤ 'ਚ ਰਹਿੰਦਿਆਂ ਗ੍ਰੀਕੋ-ਰੋਮਨ ਅਤੇ ਰੁਸਤਮ-ਏ-ਹਿੰਦ ਵਿੱਚ ਰਾਸ਼ਟਰੀ ਚੈਂਪੀਅਨ ਰਹਿ ਚੁੱਕੇ ਹਨ। ਢੇਸੀ ਪਰਿਵਾਰ 80 ਦੇ ਦਹਾਕੇ ਦੇ ਸ਼ੁਰੂ 'ਚ ਕੈਨੇਡਾ ਸ਼ਿਫਟ ਹੋ ਗਿਆ ਸੀ। ਅਮਰਵੀਰ 2014 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਅਤੇ ਇਸ ਸਾਲ ਪੈਨ ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲਿਸਟ ਰਿਹਾ ਹੈ।

ਕੁਸ਼ਤੀ ਦਾ ਮੱਕਾ ਹੈ ਪਾਕਿਸਤਾਨੀ ਪੰਜਾਬ ਦਾ ਗੁਜਰਾਂਵਾਲਾ

ਜਮਾਂ ਅਨਵਰ ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਹੈ। 31 ਸਾਲਾ ਦੇ ਇਸ ਪਹਿਲਵਾਨ ਨੇ 2016 'ਚ ਸੈਫ ਗੇਮਜ਼ 'ਚ ਗੋਲਡ ਜਿੱਤਿਆ ਸੀ। ਪਾਕਿਸਤਾਨ 'ਚ ਗੁਜਰਾਂਵਾਲਾ ਨੂੰ ਕੁਸ਼ਤੀ ਦਾ ਮੱਕਾ ਕਹਿੰਦੇ ਹੈ ਅਤੇ ਉੱਥੋਂ ਵੱਡੇ-ਵੱਡੇ ਪਹਿਲਵਾਨ ਨਿਕਲੇ ਹਨ।

ਮੂਲ ਰੂਪ 'ਚ ਜਲੰਧਰ ਦਾ ਹੈ ਮਨਧੀਰ ਕੂਨਰ ਦਾ ਪਰਿਵਾਰ

ਭਾਰਤ ਦੇ ਬ੍ਰੌਨਜ਼ ਮੈਡਲ ਜੇਤੂ ਮੋਹਿਤ ਗਰੇਵਾਲ ਦਾ ਪਿੰਡ ਬਮਲਾ ਹਰਿਆਣਾ ਦੇ ਭਿਆਨੀ ਨੇੜੇ ਹੈ। 1966 ਤੋਂ ਪਹਿਲਾਂ ਇਹ ਇਲਾਕਾ ਵੀ ਪੰਜਾਬ ਦਾ ਹਿੱਸਾ ਸੀ। ਦੇਸ਼ ਦੀ ਵੰਡ ਸਮੇਂ ਪੰਜਾਬ ਭਾਰਤ ਅਤੇ ਪਾਕਿਸਤਾਨ 'ਚ ਵੰਡਿਆ ਗਿਆ ਸੀ। ਹਾਲਾਂਕਿ, ਬਾਅਦ ਵਿਚ 1956 'ਚ ਭਾਰਤੀ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਅਤੇ 1966 'ਚ ਹਰਿਆਣਾ ਸੂਬੇ ਨੂੰ ਵੱਖ ਕਰ ਦਿੱਤਾ ਗਿਆ ਸੀ। ਇੰਗਲੈਂਡ ਲਈ ਖੇਡਣ ਵਾਲੇ ਮਨਧੀਰ ਕੂਨਰ ਦਾ ਪਰਿਵਾਰ ਵੀ ਮੂਲ ਰੂਪ 'ਚ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। 26 ਸਾਲਾ ਮਨਧੀਰ ਦਾ ਇਹ ਪਹਿਲਾ ਵੱਡਾ ਅੰਤਰਰਾਸ਼ਟਰੀ ਮੈਡਲ ਹੈ।

Posted By: Seema Anand