ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਮੈਡੀਕਲ ਡਾਕਟਰਾਂ ਤੇ ਵੈਟਰਨਰੀ ਡਾਕਟਰਾਂ ਦਾ ਪ੍ਰਰੈਕਟਿਸ ਅਲਾਊਂਸ ਘਟਾ ਕੇ ਡਾਕਟਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਪੰਜਾ ਦੇ ਸਹਿ-ਪ੍ਰਧਾਨ ਤੇ ਹਲਕਾ ਕੇਂਦਰੀ ਦੇ ਸਾਬਕਾ ਇੰਚਾਰਜ ਡਾ. ਸੰਜੀਵ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਦਾਅ 'ਤੇ ਲਾ ਕੇ ਡਿਊਟੀ ਕਰਨ ਵਾਲੇ ਡਾਕਟਰਾਂ ਨੂੰ ਕੈਪਟਨ ਸਰਕਾਰ ਨੇ ਇਹ ਤੋਹਫਾ ਦਿੱਤਾ ਹੈ। ਇਹ ਡਾਕਟਰਾਂ ਨਾਲ ਸਰਾਸਰ ਧੱਕਾ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਡਾਕਟਰਾਂ ਦਾ ਪ੍ਰਰੈਕਟਿਸ ਭੱਤਾ 25 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਸਰਕਾਰ ਦੀ ਵੱਡੀ ਸਾਜ਼ਿਸ਼ ਹੈ ਤੇ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ 'ਚੋਂ ਜ਼ਿਆਦਾਤਰ ਭੱਤੇ ਖਤਮ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਵਧਾਉਣ ਦੀ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ। ਇਸ ਨਾਲ ਡਾਕਟਰਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪਵੇਗਾ। ਆਪ ਆਗੂ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਨਾਲ ਹਰ ਵਰਗ 'ਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਜੋ ਵਾਅਦੇ ਕਾਂਗਰਸ ਨੇ 2017 'ਚ ਕਰ ਕੇ ਆਪਣੀ ਸਰਕਾਰ ਬਣਾਈ ਸੀ, ਉਹ ਹਾਲੇ ਤਕ ਪੂਰੇ ਨਹੀਂ ਕੀਤੇ ਗਏ। ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਸਰਕਾਰ ਡਾਕਟਰਾਂ ਨੂੰ 25 ਫੀਸਦੀ ਪ੍ਰਰੈਕਟਿਸ ਬੇਸਿਕ ਪੇਅ ਦੇ ਨਾਲ ਬਹਾਲ ਕਰੇ ਤੇ ਵੈਟਰਨਰੀ ਫਾਰਮਾਸਿਸਟਾਂ ਨੂੰ ਪੱਕੇ ਕੀਤੇ ਜਾਵੇ।