ਪਿ੍ਰਤਪਾਲ ਸਿੰਘ, ਸ਼ਾਹਕੋਟ : ਸਰਕਾਰੀ ਵਿਭਾਗਾਂ ਵਿਚ ਭਿ੍ਸ਼ਟਾਚਾਰ ਕਿਸ ਹੱਦ ਤੱਕ ਫੈਲਿਆ ਹੋਇਆ ਹੈ। ਇਸ ਦੀ ਮਿਸਾਲ ਉਸ ਵੇਲੇ ਪਿੰਡ ਮੀਏਂਵਾਲ ਮੌਲਵੀਆਂ (ਈਨੋਵਾਲ) ਤੋਂ ਸਾਹਮਣੇ ਆਈ ਜਦੋਂ ਸਰਕਾਰੀ ਅਧਿਕਾਰੀਆਂ ਨੇ ਕਾਗਜ਼ਾਂ 'ਚ ਹੀ ਸੜਕ ਬਣਾ ਦਿੱਤੀ ਤੇ ਉਸ ਦਾ ਆਡਿਟ ਵੀ ਉੱਚ ਅਧਿਕਾਰੀਆਂ ਵਲੋਂ ਭੇਜੀ ਟੀਮ ਨੇ ਕਰ ਦਿੱਤਾ। ਜਦਕਿ ਪਿੰਡ ਵਾਸੀਆਂ ਵਲੋਂ ਭਾਨਾ ਰਾਮ ਦੇ ਘਰ ਤੋਂ ਮੇਨ ਰੋਡ ਤੱਕ ਕੋਈ ਸੜਕ ਬਣੀ ਵੇਖੀ ਹੀ ਨਹੀਂ ਗਈ।

ਨੇੜਲੇ ਪਿੰਡ ਮੀਏਂਵਾਲ ਮੌਲਵੀਆਂ (ਈਨੋਵਾਲ) ਦੇ ਵਸਨੀਕਾਂ ਜਿਨ੍ਹਾਂ ਵਿਚ ਰਾਜ ਕੁਮਾਰ ਨੰਬਰਦਾਰ, ਰਜਿੰਦਰ ਸਿੰਘ, ਤਰਸੇਮ ਲਾਲ, ਗੁਰਮੀਤ ਕੌਰ, ਹਰਪ੍ਰਰੀਤ ਸਿੰਘ (ਮੌਜੂਦਾ ਪੰਚਾਇਤ ਮੈਂਬਰਾਂ), ਬਿਮਲਾ ਰਾਣੀ, ਲਵਪ੍ਰਰੀਤ ਸਿੰਘ, ਸ਼ਿੰਦਰ ਕੌਰ, ਦਲਜੀਤ ਕੌਰ, ਸਤਵੰਤ ਸਿੰਘ, ਰਾਜਵਿੰਦਰ ਕੁਮਾਰ, ਸੰਤੋਖ ਸਿੰਘ, ਅਜੇ ਕੁਮਾਰ ਸ਼ਾਮਲ ਸਨ, ਨੇ ਮੌਜੂਦਾ ਸਰਪੰਚ ਗੁਰਬਿੰਦਰ ਕੌਰ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ ਸਾਬਕਾ ਸਰਪੰਚ ਪਰਮਜੀਤ ਕੌਰ ਵਲੋਂ ਆਪਣੇ ਕਾਰਜਕਾਲ ਸਮੇਂ ਸੜਕ ਦੇ ਨਾਮ 'ਤੇ ਕੀਤੇ ਗਏ ਘਪਲੇ ਦਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ। ਪਿੰਡ ਵਾਸੀਆਂ ਮੁਤਾਬਕ ਸੜਕ ਦਾ ਮਾਸਟਰ ਰੋਲ ਵੀ ਨਿਕਲ ਚੁੱਕਿਆ ਹੈ ਤੇ ਸਰਕਾਰੀ ਅਧਿਕਾਰੀਆਂ ਵਲੋਂ ਇਸ ਦਾ ਆਡਿਟ ਵੀ ਕੀਤਾ ਜਾ ਚੁੱਕਾ ਹੈ। ਮੌਜੂਦਾ ਸਰਪੰਚ ਗੁਰਬਿੰਦਰ ਕੌਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਾਹਕੋਟ ਨੂੰ ਲਿਖੇ ਪੱਤਰ ਦੇ ਰਜਿਸਟਰ ਨੰਬਰ 1346 ਰਾਹੀਂ ਦੋਸ਼ ਲਾਇਆ ਕਿ ਸਾਬਕਾ ਸਰਪੰਚ ਪਰਮਜੀਤ ਕੌਰ ਵਲੋਂ ਭਾਨਾ ਰਾਮ ਦੇ ਘਰ ਤੋਂ ਮੇਨ ਰੋਡ ਤੱਕ ਸੜਕ ਕਾਗਜਾਂ ਵਿਚ ਦਿਖਾਈ ਗਈ ਹੈ ਪਰ ਅਸਲੀਅਤ ਵਿਚ ਇੱਥੇ ਕਿਸੇ ਵੀ ਤਰ੍ਹਾਂ ਦੀ ਗਲੀ ਜਾਂ ਸੜਕ ਬਣੀ ਹੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਰਿਕਾਰਡ ਸਾਬਕਾ ਸਰਪੰਚ, ਪੰਚਾਇਤ ਸਕੱਤਰ ਜਾਂ ਬੀਡੀਪੀਓ ਦਫਤਰ ਸ਼ਾਹਕੋਟ ਵਲੋਂ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਮੌਜੂਦਾ ਸਰਪੰਚ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਾਹਕੋਟ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਿਕਾਰਡ ਦੀ ਕਾਪੀ ਜਾਰੀ ਕੀਤੀ ਜਾਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹ ਗਲੀ ਜਾਂ ਸੜਕ ਕਦੋਂ ਬਣੀ। ਇਸ ਤੇ ਕਿੰਨੇ ਆਦਮੀਆਂ ਨੇ ਕੰਮ ਕੀਤਾ ਤੇ ਕਿੰਨੀਆਂ ਇੱਟਾਂ ਤੇ ਕਿੰਨੇ ਦਿਨ ਕੰਮ ਹੋਇਆ ਸੀ। ਜਦੋਂ ਇਸ ਸਬੰਧੀ ਸਾਬਕਾ ਸਰਪੰਚ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਰਿਕਾਰਡ ਪੰਚਾਇਤ ਸਕੱਤਰ ਦੇ ਕੋਲ ਹੈ। ਉਨ੍ਹਾਂ ਮੁਤਾਬਕ ਇਸ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਇਸ ਸੜਕ 'ਤੇ ਰਹਿੰਦੀਆਂ ਦੋ ਧਿਰਾਂ ਦੇ ਆਪਸੀ ਝਗੜੇ ਕਾਰਨ ਇਹ ਕੰਮ ਵਿਚ ਹੀ ਰੁਕ ਗਿਆ। ਉਸ ਤੋਂ ਬਾਅਦ ਪੰਚਾਇਤੀ ਚੋਣਾਂ ਆ ਗਈਆਂ ਤੇ ਉਨ੍ਹਾਂ ਦੀ ਜਗ੍ਹਾ ਤੇ ਪ੍ਰਸ਼ਾਸਕ ਦਾ ਕਾਰਜਭਾਰ ਪੰਚਾਇਤ ਅਫਸਰ ਰਾਮ ਪ੍ਰਕਾਸ਼ ਨੂੰ ਸੌਂਪ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਬੀਡੀਪੀਓ ਸ਼ਾਹਕੋਟ ਤੇ ਪੰਚਾਇਤ ਅਫਸਰ ਰਾਮ ਪ੍ਰਕਾਸ਼ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਗਿਆ।