ਮਦਨ ਭਾਰਦਵਾਜ, ਜਲੰਧਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 11 ਹਜ਼ਾਰ ਕਰੋੜ ਦੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਰੋਗਰਾਮ ਦੀ ਦੂਜੇ ਪੜਾਅ ਦੀ ਵਰਚੂਅਲ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਜਿਸ ਵਿਚ ਜਲੰਧਰ ਦੇ 663.41 ਕਰੋੜ ਦੇ 3 ਪ੍ਰਰਾਜੈਕਟ ਸ਼ਾਮਲ ਹਨ। ਇਸ ਤੋਂ ਬਾਅਦ ਪੱਤਰਕਾਰਾਂ ਨੂੰੂ ਉਕਤ ਪ੍ਰਰਾਜੈਕਟਾਂ ਦੀ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਦੱਸਿਆ ਕਿ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਰੋਗਰਾਮ ਦੇ ਅਧੀਨ ਜਲੰਧਰ ਦੇ 663.41 ਕਰੋੜ ਦੇ 3 ਪ੍ਰਰਾਜੈਕਟਾਂ ਦੀ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ 'ਚ ਨਹਿਰੀ ਪਾਣੀ ਦੀ ਸਪਲਾਈ ਲੈ ਕੇ 525.85 ਕਰੋੜ ਦਾ ਸਰਫੇਸ ਵਾਟਰ ਟਰੀਮੈਂਟ ਪਲਾਂਟ ਲਗਾਇਆ ਜਾਵੇਗਾ। ਇਹ ਪਲਾਂਟ ਬਿਸਤ ਦੁਆਬ ਨਹਿਰ ਤੋਂ ਪਾਣੀ ਲੈ ਕੇ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦੇਣ ਲਈ ਲਗਾਇਆ ਜਾ ਰਿਹਾ ਹੈ । ਇਸ ਦੇ ਚਾਲੂ ਹੋਣ ਨਾਲ ਸ਼ਹਿਰ ਦੇ ਲਗਪਗ 400 ਟਿਊਬਵੈੱਲ ਬੰਦ ਹੋ ਜਾਣਗੇ ਜਦੋਂਕਿ ਲਗਪਗ 150 ਟਿਊਬਵੈੱਲ ਹੰਗਾਮੀ ਹਾਲਤ ਲਈ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ 2036 ਤਕ ਪੰਜਾਬ ਵਿਚ ਘਰ-ਘਰ ਪਾਣੀ ਪਹੁੰਚਾ ਦਿੱਤਾ ਜਾਵੇਗਾ। ਦੂਜੇ ਪ੍ਰਰਾਜੈਕਟ 69.72 ਕਰੋੜ ਦੀ ਲਾਗਤ ਨਾਲ ਫੋਲੜੀਵਾਲ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਜਿਸ ਵਿਚ 50 ਐੱਮਐੱਲਡੀ ਦਾ ਨਵਾਂ ਅਤੇ 100 ਐੱਮਐੱਲਡੀ ਦੇ ਪਲਾਂਟ ਨੂੰ ਅਪਗਰੇਡ ਕੀਤਾ ਜਾਵੇਗਾ ਜਿਸ ਨਾਲ ਵਧੇਰੇ ਤੌਰ 'ਤੇ ਸੀਵਰੇਜ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸ ਤੋਂ ਇਲਾਵਾ ਤੀਜਾ ਪ੍ਰਰਾਜੈਕਟ 43.44 ਕਰੋੜ ਦਾ ਜਲੰਧਰ ਦੀਆਂ ਸਟਰੀਟ ਲਾਈਟਾਂ ਦਾ ਹੈ ਜਿੱਥੇ 65 ਹਜ਼ਾਰ ਐੱਲਈਡੀ ਸਟਰੀਟ ਲਾਈਟਾਂ ਬਦਲੀਆਂ ਜਾਣਗੀਆਂ ਅਤੇ ਜੇ ਜ਼ਰੂਰਤ ਪਈ ਤਾਂ ਇਸ ਨੂੰ 10 ਫ਼ੀਸਦੀ ਤਕ ਵਧਾਉਣ ਦਾ ਵੀ ਪ੍ਰਬੰਧ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 12 ਨਗਰ ਕੌਂਸਲਾਂ ਵਿਚ 24 ਕਰੋੜ ਦੇ ਵਿਕਾਸ ਕੰਮ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੋਰ ਖ਼ਰਚੇ ਆਦਿ ਮਿਲਾ ਕੇ 700 ਕਰੋੜ ਰੁਪਏ ਉਕਤ ਤਿੰਨ ਪ੍ਰਰਾਜੈਕਟਾਂ 'ਤੇ ਖ਼ਰਚ ਕੀਤੇ ਜਾਣਗੇ। ਇਹ ਪ੍ਰਰਾਜੈਕਟ ਸਮਾਰਟ ਸਿਟੀ ਪ੍ਰਰਾਜੈਕਟ ਕੰਪਨੀ ਦੇ ਹਨ ਅਤੇ ਇਨ੍ਹਾਂ ਨੂੰ ਛੇਤੀ ਪੂਰਾ ਕਰ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਜਗਦੀਸ਼ ਰਾਜਾ, ਨਿਗਮ ਕਮਿਸ਼ਨਰ ਤੇ ਸਮਾਰਟ ਸਿਟੀ ਪ੍ਰਰਾਜੈਕਟ ਦੇ ਸੀਈਓ ਕਰਨੇਸ਼ ਸ਼ਰਮਾ, ਵਿਧਾਇਕ ਰਾਜਿੰਦਰ ਬੇਰੀ, ਬਾਵਾ ਹੈਨਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਏਡੀਸੀ ਵਿਕਾਸ ਵਿਸ਼ੇਸ਼ ਸਾਰੰਗਲ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਐੱਸਪੀ ਰਵੀ ਕੁਮਾਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ ਮੌਜੂਦ ਸਨ। ਜਦੋਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਪ੍ਰਰਾਜੈਕਟਾਂ ਦੀ ਵਰਚੂਅਲ ਸ਼ੁਰੂਆਤ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ, ਪਰਗਟ ਸਿੰਘ ਆਦਿ ਵੀ ਮੌਜੂਦ ਰਹੇ ਜਿਹੜੇ ਕੁਝ ਸਮਾਂ ਪਹਿਲਾਂ ਆਪਣੇ ਹਲਕੇ ਵਿਚ ਲੋਕਾਂ ਨੂੰ ਪ੍ਰਰਾਜੈਕਟਾਂ ਦੀ ਜਾਣਕਾਰੀ ਦੇਣ ਲਈ ਚਲੇ ਗਏ ਸਨ।

ਇਸ ਦੌਰਾਨ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਜਲੰਧਰ ਦਾ ਸਰਬਪੱਖੀ ਵਿਕਾਸ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਮੁੱਖ ਮੰਤਵ ਸ਼ਹਿਰੀ ਖੇਤਰਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਰਾਜੈਕਟ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ 'ਤੇ ਦਬਾਅ ਨੂੰ ਘੱਟ ਕਰਨ ਲਈ ਲਗਾਤਾਰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ 'ਚ ਮਦਦ ਕਰੇਗੀ ਜਦੋਂਕਿ ਐੱਲਈਡੀ ਲਾਈਟਿੰਗ ਪ੍ਰਰਾਜੈਕਟ ਜਿਥੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਉਥੇ ਹੀ ਅਪਰਾਧਾਂ ਨੂੰ ਰੋਕਣ ਵਿਚ ਵੀ ਸਹਾਈ ਸਿੱਧ ਹੋਣ ਦੇ ਨਾਲ-ਨਾਲ ਬਿਜਲੀ ਦੇ ਖ਼ਰਚਿਆਂ ਨੂੰ ਘੱਟ ਕਰੇਗਾ।

ਉਨ੍ਹਾਂ ਕਿਹਾ ਕਿ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਸਾਫ਼ ਸੁਥਰੇ ਵਾਤਾਵਰਨ ਨੂੰ ਯਕੀਨੀ ਬਣਾਏਗਾ ਅਤੇ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਸਕੇਗਾ।

ਇਸ ਮੌਕੇ ਪ੍ਰਧਾਨ ਬਿਲਗਾ ਨਗਰ ਪੰਚਾਇਤ ਮਨਜੀਤ ਕੌਰ ਵੱਲੋਂ ਵੀ ਵੀਡੀਓ ਕਾਨਫਰੰਸ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਅਤੇ ਬਿਲਗਾ ਸ਼ਹਿਰ ਦੇ ਅਨੇਕਾਂ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਵਿਚ ਸ਼ੁਰੂ ਹੋਏ 11 ਹਜ਼ਾਰ ਦੇ ਵਿਕਾਸ ਪ੍ਰਰਾਜੈਕਟਾਂ ਬਾਰੇ ਪ੍ਰਕਾਸ਼ਿਤ ਮੈਗਜ਼ੀਨ ਵੀ ਮੁੱਖ ਮੰਤਰੀ ਨੇ ਜਾਰੀ ਕੀਤੀ।

ਰਿੰਕੂ ਨੇ ਪ੍ਰਰਾਜੈਕਟਾਂ ਬਾਰੇ ਵੈਸਟ ਹਲਕੇ ਵਿਚ ਲੋਕਾਂ ਨੂੰ ਜਾਣੂ ਕਰਾਇਆ

ਇਸ ਦੌਰਾਨ ਵੈਸਟ ਹਲਕੇ ਵਿਧਾਇਕ ਸੁਸ਼ੀਲ ਰਿੰਕੂ ਨੇ ਤਿੰਨ ਪ੍ਰਰਾਜੈਕਟਾਂ ਲਈ ਲਾਈ ਗਈ ਸਕ੍ਰੀਨ 'ਤੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਵਰਚੂਅਲ ਸ਼ੁਰੂਆਤ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਅਤੇ ਲੋਕਾਂ ਨੇ ਇਸ ਨੂੰ ਧਿਆਨ ਨਾਲ ਦੇਖਿਆ ਤੇ ਮੁੱਖ ਮੰਤਰੀ ਨੂੰ ਵੀ ਸੁਣਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਅਤੇ ਕੌਂਸਲਰ ਸੁਨੀਤਾ ਰਿੰਕੂ ਆਦਿ ਮੌਜੂਦ ਸਨ।

ਸ਼ਹਿਰ 'ਚ ਲੱਗੀਆਂ ਸਕ੍ਰੀਨਾਂ 'ਤੇ ਲੋਕਾਂ ਨੇ ਨਹੀਂ ਦਿਖਾਈ ਦਿਲਚਸਪੀ

ਸ਼ਹਿਰ ਦੇ ਡੇਢ ਦਰਜਨ ਪ੍ਰਮੁੱਖ ਚੌਕਾਂ ਅਤੇ ਸਕੂਲਾਂ ਆਦਿ ਵਿਚ ਲਾਈਆਂ ਗਈਆਂ ਐੱਲਈਡੀ ਸਕ੍ਰੀਨਾਂ ਅਤੇ ਲਾਈਆਂ ਗਈਆਂ ਕੁਰਸੀਆਂ ਖਾਲੀ ਰਹੀਆਂ ਤੇ ਲੋਕਾਂ ਨੇ ਸ਼ਹਿਰ ਦੇ ਉਕਤ ਤਿੰਨ ਸ਼ੁਰੂ ਹੋਏ ਪ੍ਰਰਾਜੈਕਟਾਂ ਬਾਰੇ ਕੋਈ ਦਿਲਚਸਪੀ ਨਹੀਂ ਦਿਖਾਈ। ਕਾਂਗਰਸ ਭਵਨ ਦੇ ਬਾਹਰ ਲੱਗੀ ਸਕਰੀਨ ਵੀ ਬਿਨਾਂ ਦਰਸ਼ਕਾਂ ਦੇ ਚਲਦੀ ਰਹੀ ਕੇਵਲ ਪ੍ਰਧਾਨ ਤੇ ਇਕ ਅੱਧਾ ਹੋਰ ਵਿਅਕਤੀ ਬੈਠਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਬੱਸ ਅੱਡਾ, ਮਾਡਲ ਟਾਊਨ ਅਤੇ ਕੰਪਨੀ ਬਾਗ ਚੌਕ ਦੀਆਂ ਐੱਲਈਡੀ ਸਕ੍ਰੀਨਾਂ ਖਾਲੀ ਚਲਦੀਆਂ ਰਹੀਆਂ ਤੇ ਦੇਖਣ ਵਾਲਾ ਕੋਈ ਨਹੀਂ ਸੀ। ਗੌਰਮਿੰਟ ਗਰਲਸ ਸੀਨੀਅਰ ਸਕੈਂਡਰੀ ਸਕੂਲ ਵਿਚ ਐੱਲਈਡੀ ਸਕ੍ਰੀਨ ਖ਼ਰਾਬ ਹੋ ਗਈ ਜਿਸ ਕਾਰਨ ਕੌਂਸਲਰ ਉਮਾ ਬੇਰੀ ਸ਼ੁਰੂਆਤੀ ਪ੍ਰਰੋਗਰਾਮ ਨਹੀਂ ਦੇਖ ਸਕੇ।