ਜਤਿੰਦਰ ਪੰਮੀ, ਜਲੰਧਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਖ਼ਿਲਾਫ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤੇ ਜਾਣ ਦੇ ਰੋਸ ਵਜੋਂ ਪਿਛਲੇ ਕਰੀਬ 18 ਦਿਨਾਂ ਤੋਂ ਸਮੂਹਿਕ ਛੁੱਟੀ ’ਤੇ ਚੱਲ ਰਹੇ ਸੂਬੇ ਦੇ ਮਾਲ ਅਫ਼ਸਰ ਹੁਣ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ ਹਨ। ਮਾਲ ਅਫ਼ਸਰਾਂ ਦੀ ਹਮਾਇਤ ’ਚ ਪਿਛਲੇ ਦਿਨਾਂ ਤੋਂ ਹੀ ਪਟਵਾਰੀ, ਕਾਨੂੰਨਗੋ ਤੇ ਡੀਸੀ ਦਫ਼ਤਰ ਮੁਲਾਜ਼ਮ ਵੀ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ।

ਮਾਲ ਵਿਭਾਗ ਤੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਵਿਜੀਲੈਂਸ ਦੀ ਕਾਰਵਾਈ ਖਿਲਾਫ਼ ਆਰੰਭੇ ਗਏ ਇਸ ਵਿਰੋਧ ਪ੍ਰਦਰਸ਼ਨ ਕਾਰਨ ਜ਼ਮੀਨ-ਜਾਇਦਾਦ ਨਾਲ ਸਬੰਧਤ ਕੰਮ ਤੇ ਤਹਿਸੀਲਾਂ ’ਚ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਇਸ ਨਾਲ ਸਰਕਾਰ ਦੇ ਖਜ਼ਾਨੇ ’ਤੇ ਵੀ ਅਸਰ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਭਰ ’ਚ ਰੋਜ਼ਾਨਾ 2100-2200 ਦੇ ਕਰੀਬ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਹਨ ਅਤੇ ਸਰਕਾਰ ਨੂੰ ਰੋਜ਼ 10-12 ਕਰੋੜ ਰੁਪਏ ਦੇ ਮਾਲੀਏ ਦੀ ਆਮਦਨ ਹੁੰਦੀ ਹੈ। ਰਜਿਸਟਰੀਆਂ ਦਾ ਕੰਮ ਰੁਕਣ ਕਾਰਨ ਸਰਕਾਰ ਨੂੰ ਸੈਂਕੜੋਂ ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ।

Posted By: Ramandeep Kaur