ਜਾਗਰਣ ਸੰਵਾਦਦਾਤਾ, ਜਲੰਧਰ : ਵਿਕਾਸ ਕਾਰਜਾਂ ਲਈ ਜਾਰੀ ਫੰਡ ਪੰਜਾਬ ਸਰਕਾਰ ਦੇ ਵਾਪਸ ਮੰਗਵਾਉਣ ਨਾਲ ਸ਼ਹਿਰ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਅਗਲੇ ਇਕ ਸਾਲ ਤਕ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜੋ ਟੈਂਡਰ ਲਾ ਦਿੱਤੇ ਗਏ ਸਨ ਉਹ ਰੱਦ ਹੋ ਜਾਣਗੇ ਕਿਉਂਕਿ ਉਨ੍ਹਾਂ ਦਾ ਕੰਮ ਕਰਨ ਦਾ ਸਮਾਂ ਖਤਮ ਹੋ ਜਾਵੇਗਾ ਤੇ ਜਿਨ੍ਹਾਂ ਕੰਮਾਂ ਦੇ ਟੈਂਡਰ ਲਾਉਣ ਦਾ ਕੰਮ ਹਾਲੇ ਐਸਟੀਮੇਟ ਦੇ ਦੌਰ 'ਚ ਸੀ ਉਹ ਅਗਲੇ ਕਈ ਮਹੀਨਿਆਂ ਤਕ ਨਹੀਂ ਹੋ ਸਕਣਗੇ। ਚਾਰੇ ਵਿਧਾਨ ਸਭਾ ਹਲਕਿਆਂ 'ਚ ਕਰੀਬ 50 ਤੋਂ ਜ਼ਿਆਦਾ ਕੰਮ ਟੈਂਡਰ ਅਲਾਟਮੈਂਟ ਦੇ ਕਰੀਬ ਸਨ ਤੇ ਕਰੀਬ 100 ਤੋਂ ਜ਼ਿਆਦਾ ਕੰਮ ਐਸਟੀਮੇਟ ਦੀ ਪ੍ਰਕਿਰਿਆ 'ਚੋਂ ਲੰਘ ਰਹੇ ਸਨ। ਅਜਿਹੇ 'ਚ ਇਹ ਸਾਰੇ ਕੰਮ ਹੁਣ ਅਗਲੇ ਸਾਲ ਤਕ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ। ਚਾਰੇ ਵਿਧਾਨ ਸਭਾ ਹਲਕਿਆਂ ਕੈਂਟ, ਨਾਰਥ, ਸੈਂਟਰਲ ਤੇ ਵੈਸਟ 'ਚ ਸੜਕ, ਪਾਰਕ, ਸੀਵਰੇਜ ਦੇ ਕੰਮ ਹੋਣੇ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਤੰਗ ਸੜਕ ਦੇ ਕੰਮ ਹੀ ਕਰਨਗੇ ਕਿਉਂਕਿ ਇਸ 'ਤੇ ਕਾਫੀ ਫੰਡ ਲੱਗਦਾ ਹੈ। ਪੰਜਾਬ ਸਰਕਾਰ ਨੇ 3 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਰਾਹੀਂ ਨਗਰ ਨਿਗਮ, ਨਗਰ ਕੌਂਸਲ, ਪੀਡਬਲਯੂਡੀ, ਸੀਵਰੇਜ ਬੋਰਡ, ਪਾਵਰਕਾਮ, ਪੰਚਾਇਤ ਰਾਜ ਸਮੇਤ ਸਾਰੀਆਂ ਵਿਕਾਸ ਏਜੰਸੀਆਂ ਰਾਹੀਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਰੋਕਣ ਤੇ ਗ੍ਾਂਟ ਪੰਜਾਬ ਸਰਕਾਰ ਨੂੰ ਵਾਪਸ ਭੇਜਣ ਦੇ ਆਦੇਸ਼ ਜਾਰੀ ਕੀਤੇ ਸਨ। ਇਹ ਆਦੇਸ਼ ਆਉਂਦਿਆਂ ਹੀ ਸਾਰੇ ਵਿਭਾਗਾਂ 'ਚ ਜੋ ਵੀ ਫੰਡ ਸੀ ਉਹ ਤੁਰੰਤ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਨਗਰ ਨਿਗਮ ਦੀ ਆਰਥਿਕ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ ਕਿ ਇਹ ਕੰਮ ਨਿਗਮ ਆਪਣੇ ਫੰਡ ਨਾਲ ਕਰਵਾ ਸਕੇ। ਪੰਜਾਬ ਸਰਕਾਰ ਵਿਧਾਇਕਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਭੇਜ ਰਹੀ ਹੈ ਪਰ ਹੁਣ ਇਹ ਫੰਡ ਵਾਪਸ ਮੰਗਵਾ ਲਏ ਗਏ ਹਨ। ਨਗਰ ਨਿਗਮ ਦੀ ਆਪਣੀ ਕਮਾਈ ਸਾਲਾਨਾ 100 ਕਰੋੜ ਤੋਂ ਵੀ ਘੱਟ ਹੈ ਤੇ ਇਸ ਦਾ ਵੱਡਾ ਹਿੱਸਾ ਨਿਗਮ ਦੇ ਬਿਜਲੀ ਬਿੱਲਾਂ ਦੇ ਭੁਗਤਾਨ, ਮੁਰੰਮਤ, ਰੱਖ-ਰਖਾਅ ਤੇ ਹੋਰ ਖ਼ਰਚਿਆਂ 'ਚ ਨਿਕਲ ਜਾਂਦਾ ਹੈ। ਵਿਕਾਸ ਕਾਰਜਾਂ ਲਈ ਨਿਗਮ ਦੇ ਬਜਟ 'ਚੋਂ ਸਾਲਾਨਾ 20 ਤੋਂ 25 ਕਰੋੜ ਰੁਪਏ ਹੀ ਨਿਕਲਦੇ ਹਨ। ਅਜਿਹੇ 'ਚ ਸ਼ਹਿਰ ਦੇ ਵੱਡੇ ਵਿਕਾਸ ਕਾਰਜ ਹਾਲੇ ਮੁਸ਼ਕਲ ਨਜ਼ਰ ਆ ਰਹੇ ਹਨ। ਜੁਲਾਈ 'ਚ ਮੌਨਸੂਨ ਦੌਰਾਨ ਲੋਕਾਂ ਦੀ ਪਰੇਸ਼ਾਨੀ ਹੋਰ ਵਧੇਗੀ। ਜਲੰਧਰ ਵੈਸਟ ਹਲਕੇ 'ਚ ਬਸਤੀਆਂ, ਨਵੀਆਂ ਕਾਲੋਨੀਆਂ 'ਚ ਹਾਲੇ ਕੰਮ ਹੋਣਾ ਹੈ। ਨਾਰਥ ਹਲਕੇ 'ਚ ਵੀ ਨਵੀਆਂ ਕਾਲੋਨੀਆਂ ਕਾਫੀ ਵਿਕਸਿਤ ਹੋਈਆਂ ਤੇ ਇਥੇ ਵੀ ਹੁਣ ਸੜਕਾਂ ਬਣਾਉਣ ਦੀ ਜ਼ਰੂਰਤ ਹੈ। ਸੈਂਟਰਲ ਹਲਕੇ 'ਚ ਵਿਕਾਸ ਕਾਰਜਾਂ ਦੇ ਕਈ ਟੈਂਡਰ ਰੋਕ ਦਿੱਤੇ ਗਏ ਹਨ। ਕੈਂਟ ਵਿਧਾਨ ਸਭਾ ਹਲਕੇ 'ਚ ਕਈ ਕੰਮ ਰੁਕ ਗਏ ਹਨ। ਇਹ ਹੀ ਨਹੀਂ ਗ੍ਾਂਟ ਵਾਪਸ ਮੰਗਵਾਉਣ ਨਾਲ ਕਈ ਸੁਸਾਇਟੀਆਂ ਨੂੰ ਦਿੱਤੀ ਗ੍ਾਂਟ ਵੀ ਰੱਦ ਹੋ ਜਾਵੇਗੀ। ਕੱਚੇ ਘਰਾਂ ਲਈ ਵੀ ਗ੍ਾਂਟ ਨਹੀਂ ਮਿਲੇਗੀ।

--

ਨਿਗਮ ਹੱਦ 'ਚ ਆਏ ਕੈਂਟ ਦੇ ਪਿੰਡ ਸਭ ਤੋਂ ਵੱਧ ਮਾਰ ਝੱਲਣਗੇ

ਕੈਂਟ ਇਲਾਕੇ ਦੇ 11 ਪਿੰਡ ਤਿੰਨ ਸਾਲ ਪਹਿਲਾਂ ਨਗਰ ਨਿਗਮ ਦੀ ਹੱਦ 'ਚ ਸ਼ਾਮਲ ਹੋਏ ਸਨ ਤੇ ਹੁਣ ਸਭ ਤੋਂ ਵੱਧ ਮਾਰ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪਵੇਗੀ। ਵਿਧਾਇਕ ਪਰਗਟ ਸਿੰਘ ਨੇ ਇਥੇ ਸੀਵਰੇਜ ਲਈ ਪੰਜਾਬ ਸਰਕਾਰ ਤੋਂ ਕਰੀਬ 50 ਕਰੋੜ ਰੁਪਏ ਜਾਰੀ ਕਰਵਾਏ ਸਨ ਤੇ ਸੀਵਰੇਜ ਦਾ ਕੰਮ ਲਗਪਗ ਖਤਮ ਹੋ ਚੁੱਕਾ ਹੈ। ਸੀਵਰ ਪਾਉਣ ਨਾਲ ਇਨ੍ਹਾਂ ਸਾਰੇ ਪਿੰਡਾਂ ਤੇ ਪਿੰਡ ਦੀ ਜ਼ਮੀਨ 'ਤੇ ਵਸੀਆਂ ਕਾਲੋਨੀਆਂ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ। ਸੜਕਾਂ ਦੇ ਹਾਲਾਤ ਕਾਫੀ ਵਿਗੜੇ ਹੋਏ ਹਨ। ਖਾਂਬਰਾ 'ਚ ਸੜਕ, ਨੰਗਲ ਕਰਾਰ ਖਾਂ 'ਚ ਸਟੇਡੀਅਮ ਦੇ ਟੈਂਡਰ ਰੱਦ ਹੋਣੇ ਹਨ। ਬਾਕੀ ਪਿੰਡ ਦੀਆਂ ਸੜਕਾਂ ਦੇ ਟੈਂਡਰ ਹਾਲੇ ਲਾਏ ਜਾਣੇ ਸਨ ਪਰ ਹੁਣ ਫੰਡ ਹੀ ਨਹੀਂ ਰਹੇਗਾ ਤਾਂ ਕੰਮ ਵੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕੈਂਟ ਹਲਕੇ ਦੇ ਸ਼ਹਿਰ ਇਲਾਕਿਆਂ 'ਚ ਕਈ ਟੈਂਡਰ ਰੱਦ ਹੋਣੇ ਤੈਅ ਹਨ। ਨਿਗਮ ਦੀ ਹੱਦ 'ਚ ਆਏ ਪਿੰਡਾਂ 'ਚ ਵਿਕਾਸ ਇਸ ਲਈ ਵੀ ਨਹੀਂ ਹੋ ਸਕੇਗਾ ਕਿਉਂਕਿ ਨਗਰ ਨਿਗਮ ਕੋਲ ਫੰਡ ਨਹੀਂ ਹੈ ਕਿ ਉਹ ਉਥੇ ਵਿਕਾਸ ਕਾਰਜ ਕਰਵਾ ਸਕੇ। ਅਜਿਹੇ 'ਚ ਇਨ੍ਹਾਂ ਇਲਾਕਿਆਂ ਦੇ ਲੋਕ ਪਛਤਾ ਰਹੇ ਹਨ ਕਿ ਉਹ ਨਿਗਮ ਦੀ ਹੱਦ 'ਚ ਕਿਉਂ ਆਏ ਹਨ। ਨਿਗਮ ਦੀ ਹੱਦ 'ਚ ਆਉਣ ਨਾਲ ਇਨ੍ਹਾਂ ਲਈ ਪ੍ਰਰਾਪਰਟੀ ਟੈਕਸ, ਪਾਣੀ ਦੇ ਬਿੱਲ ਤੇ ਬਿਲਡਿੰਗ ਵਿਭਾਗ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਗਈ ਹੈ ਪਰ ਵਿਕਾਸ ਦੇ ਨਾਂ 'ਤੇ ਫਿਲਹਾਲ ਇਨ੍ਹਾਂ ਨੂੰ ਪਰੇਸ਼ਾਨੀ ਹੀ ਝੱਲਣੀ ਪਵੇਗੀ।

---

ਇਨ੍ਹਾਂ ਹਲਕਿਆਂ 'ਚ ਇਹ ਟੈਂਡਰ ਹੋਣਗੇ ਰੱਦ

ਨਾਰਥ ਹਲਕਾ

-ਬਾਬਾ ਦੀਪ ਸਿੰਘ ਨਗਰ ਵਾਰਡ ਨੰ. 5

-ਸਈਪੁਰ ਸ਼ਮਸ਼ਾਨਘਾਟ 'ਚ ਵਿਕਾਸ ਕਾਰਜ

-ਅਸ਼ੋਕ ਨਗਰ 'ਚ ਕੰਕਰੀਟ ਰੋਡ

-ਮਾਡਰਨ ਅਸਟੇਟ ਦੀ ਸੜਕ

-ਮੋਤੀ ਬਾਗ਼

-ਮੋਹਨ ਵਿਹਾਰ

-ਲੰਮਾ ਪਿੰਡ

-ਸਾਵਨ ਨਗਰ ਵਾਰਡ ਨੰ. 65

-ਕਾਲੀਆ ਕਾਲੋਨੀ 'ਚ ਪੁਲੀ

-ਪ੍ਰਰੀਤ ਨਗਰ 'ਚ ਬਾਥਰੂਮ

-ਗਦਈਪੁਰ 'ਚ ਪਾਰਕ

---

ਸੈਂਟਰਲ ਹਲਕਾ

-ਧੰਨੋਵਾਲੀ-ਦਕੋਹਾ ਰੋਡ

-ਸੂਰਿਆ ਇਨਕਲੇਵ 'ਚ ਪਾਰਕ

-ਵਾਰਡ ਨੰ. 19 'ਚ ਕਮਿਊਨਿਟੀ ਹਾਲ

-ਸਿਵਲ ਲਾਈਨਜ਼ 'ਚ ਸੜਕ

-ਪੀਏਪੀ 'ਚ ਪਾਰਕ ਦਾ ਕੰਮ

-ਪੁਲਿਸ ਲਾਈਨ 'ਚ ਰੋਡ

-ਜੋਗਿੰਦਰ ਨਗਰ ਚੌਕ ਤੋਂ ਏਕਤਾ ਨਗਰ 'ਚ ਸੀਵਰੇਜ

-ਹਰਦੀਪ ਵਰਕਸ਼ਾਪ ਦੇ ਸਾਹਮਣੇ ਪਾਰਕ

---

ਕੈਂਟ ਵਿਧਾਨ ਸਭਾ ਹਲਕਾ

-ਇੰਦਰਾ ਪਾਰਕ ਦੀ ਸੜਕ

-ਅਤਰ ਸਿੰਘ ਨਗਰ

-ਨਿਊ ਗ੍ਰੀਨ ਮਾਡਲ ਟਾਊਨ

-ਖਾਂਬਰਾ

-ਨੰਗਲ ਕਰਾਰ ਖਾਂ 'ਚ ਸਟੇਡੀਅਮ

-ਮਾਡਲ ਟਾਊਨ 'ਚ ਪਾਰਕ

-ਗੜਾ 'ਚ ਕਮਿਊਨਿਟੀ

-ਨਿਊ ਮਾਡਲ ਟਾਊਨ 'ਚ ਰੋਡ