ਰਾਕੇਸ਼ ਗਾਂਧੀ, ਜਲੰਧਰ : ਬੁੱਧਵਾਰ ਦੇਰ ਰਾਤ ਪੀਪੀਆਰ ਮਾਰਕੀਟ ਵਿਚ ਅਖਿਲ ਸ਼ਰਮਾ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਡਿਊਟੀ 'ਤੇ ਤਾਇਨਾਤ ਇਕ ਮੁਲਾਜ਼ਮ 'ਤੇ ਆਪਣੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਜਦ ਉਸ ਨੂੰ ਮੌਕੇ 'ਤੇ ਮੌਜੂਦ ਆਈਪੀਐੱਸ ਆਦਿੱਤਿਆ ਕੁਮਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਈਪੀਐੱਸ ਅਧਿਕਾਰੀ ਦੀ ਵਰਦੀ 'ਤੇ ਹੱਥ ਪਾ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਅੱਜ ਅਦਾਲਤ ਵਿਚੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।

ਥਾਣਾ ਸੱਤ ਦੇ ਮੁਖੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੇ ਮੁਲਜ਼ਮ ਅਖਿਲ ਸ਼ਰਮਾ ਨੂੰ ਅੱਜ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅਖਿਲ ਸ਼ਰਮਾ ਨੇ ਆਪਣੀ ਫੇਸਬੁੱਕ ਆਈਡੀ 'ਤੇ ਪੁਲਿਸ ਅਧਿਕਾਰੀਆਂ ਨਾਲ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਡਰਾਉਣ ਲਈ ਉਹ ਆਪਣੇ ਆਪ ਨੂੰ ਭਾਜਪਾ ਨੇਤਾ ਦੱਸਦਾ ਹੈ। ਇਸੇ ਗੱਲ ਦੀ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਅਖਿਲ ਸ਼ਰਮਾ ਨੇ ਬੁੱਧਵਾਰ ਰਾਤ ਅਜਿਹਾ ਕੰਮ ਕਰ ਦਿੱਤਾ, ਜਿਸ ਨਾਲ ਉਸ ਨੂੰ ਪੁਲਿਸ ਅਧਿਕਾਰੀਆਂ ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਿਆ। ਜਦ ਆਈਪੀਐੱਸ ਆਦਿੱਤਿਆ ਕੁਮਾਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸ਼ਰਾਬ ਦੇ ਨਸ਼ੇ ਵਿਚ ਇੰਨਾਂ ਧੁੱਤ ਸੀ ਕਿ ਉਹ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ। ਇਸੇ ਨਸ਼ੇ ਕਾਰਨ ਉਸ ਨੇ ਆਈਪੀਐੱਸ ਆਦਿੱਤਿਆ ਕੁਮਾਰ ਦੀ ਵਰਦੀ ਨੂੰ ਹੱਥ ਪਾ ਲਿਆ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਲੋਕਾਂ ਦਾ ਗੁੱਸਾ ਭੜਕ ਉੱਠਿਆ। ਜਿਨ੍ਹਾਂ ਨੇ ਮੌਕੇ 'ਤੇ ਹੀ ਉਸ ਦੀ ਚੰਗੀ ਤਰ੍ਹਾਂ ਠੁਕਾਈ ਕਰ ਦਿੱਤੀ ਅਤੇ ਪੁਲਿਸ ਨੇ ਉਸ ਖ਼ਿਲਾਫ਼ ਧਾਰਾ 353/186/332/333/506/294 ਤਹਿਤ ਮਾਮਲਾ ਦਰਜ ਕਰ ਦਿੱਤਾ।