ਰਾਕੇਸ਼ ਗਾਂਧੀ, ਜਲੰਧਰ : ਪੀਪੀਆਰ ਮਾਲ ਨਸ਼ੇੜੀਆਂ ਤੇ ਹੁੱਲੜਬਾਜ਼ਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਪੀਪੀਆਰ ਮਾਲ ਵਿਚ ਕੋਈ ਪੰਗਾ ਨਾ ਪੈਂਦਾ ਹੋਵੇ। ਇਹ ਸਭ ਪੁਲਿਸ ਪ੍ਰਸ਼ਾਸਨ ਦੀ ਿਢੱਲੀ ਕਾਰਗੁਜ਼ਾਰੀ ਕਰ ਕੇ ਹੁੰਦਾ ਹੈ, ਕਿਉਂਕਿ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਵਿਚ ਸਥਿਤ ਰੈਸਟੋਰੈਂਟ ਵਾਲਿਆਂ ਨੂੰ ਗੱਡੀਆਂ ਵਿਚ ਸ਼ਰਾਬ ਪਿਆਉਣ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਰਈਸਜਾਦੇ ਆਪਣੀਆਂ ਗੱਡੀਆਂ ਵਿਚ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਇੰਨੇ ਸ਼ਰਾਬੀ ਹੋ ਜਾਂਦੇ ਹਨ ਕਿ ਰੋਜ਼ਾਨਾ ਹੀ ਇੱਥੇ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮੰਗਲਵਾਰ ਰਾਤ ਵੀ ਸ਼ਰਾਬੀ ਨੌਜਵਾਨਾਂ ਨੇ ਇਕ ਟੈਟੂ ਆਰਟਿਸਟ ਦੇ ਸਿਰ ਵਿਚ ਕੱਚ ਦੀ ਬੋਤਲ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਹਾਲੇ ਇਸ ਮਾਮਲੇ ਦੇ ਮੁਲਜ਼ਮ ਨੂੰ ਪੁਲਿਸ ਕਾਬੂ ਨਹੀਂ ਕਰ ਸਕੀ ਸੀ ਕਿ ਬੁੱਧਵਾਰ ਸ਼ਾਮ ਇਕ ਸ਼ਰਾਬੀ ਨੌਜਵਾਨ ਨੇ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਇਕ ਆਈਪੀਐੱਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ। ਉਸ ਨੌਜਵਾਨ ਨੇ ਇੰਨੀ ਕੁ ਸ਼ਰਾਬ ਪੀਤੀ ਹੋਈ ਸੀ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਮਹਿਲਾ ਏਸੀਪੀ ਨਾਲ ਵੀ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਲੋਕਾਂ ਦਾ ਵੀ ਗੁੱਸਾ ਭੜਕ ਉੱਠਿਆ ਅਤੇ ਉਸ ਸ਼ਰਾਬੀ ਨੌਜਵਾਨ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਤੋਂ ਬਾਅਦ ਉਸ ਨੂੰ ਥਾਣਾ ਸੱਤ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦੁਸਹਿਰੇ ਦਾ ਦਿਨ ਹੋਣ ਕਾਰਨ ਬੁੱਧਵਾਰ ਸ਼ਾਮ ਕਮਿਸ਼ਨਰੇਟ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਵਿਚ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਸੀ। ਇਸ ਨਾਕੇਬੰਦੀ 'ਤੇ ਡੀਸੀਪੀ ਅੰਕੁਰ ਗੁਪਤਾ, ਏਡੀਸੀਪੀ ਆਦਿੱਤਿਆ ਕੁਮਾਰ, ਏਸੀਪੀ ਮਾਡਲ ਟਾਊਨ ਖੁਸ਼ਬੀਰ ਕੌਰ ਅਤੇ ਥਾਣਾ ਸੱਤ ਦੇ ਮੁਖੀ ਰਾਜੇਸ਼ ਕੁਮਾਰ ਸ਼ਰਮਾ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਪੁਲਿਸ ਅਧਿਕਾਰੀ ਮਾਰਕੀਟ ਵਿਚ ਖੜ੍ਹੀਆਂ ਗੱਡੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਨਸ਼ੇ ਵਿਚ ਧੁੱਤ ਅਖਿਲ ਨਾਂ ਦੇ ਨੌਜਵਾਨ ਨੇ ਆਪਣੀ ਗੱਡੀ ਇਕ ਪੁਲਿਸ ਮੁਲਾਜ਼ਮ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਜਾਨ ਬਚਾਈ। ਇਸ ਤੋਂ ਬਾਅਦ ਉਕਤ ਸ਼ਰਾਬੀ ਨੌਜਵਾਨ ਮਾਰਕੀਟ ਵਿਚ ਹੀ ਖੜ੍ਹੇ ਹੋ ਕੇ ਉੱਚੀ ਉੱਚੀ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਇਸ ਦੌਰਾਨ ਏਡੀਸੀਪੀ ਅਦਿੱਤਿਆ ਕੁਮਾਰ ਨੇ ਉਸ ਨੌਜਵਾਨ ਨੂੰ ਜਦ ਰੋਕਣਾ ਚਾਹਿਆ ਤਾਂ ਉਹ ਏਡੀਸੀਪੀ ਨਾਲ ਭਿੜ ਪਿਆ ਅਤੇ ਉਸ ਨੇ ਏਡੀਸੀਪੀ ਦੀ ਵਰਦੀ ਉੱਤੇ ਹੱਥ ਪਾ ਲਿਆ। ਏਡੀਸੀਪੀ ਨੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ। ਜਦ ਪੁਲਿਸ ਮੁਲਾਜ਼ਮ ਉਸ ਨੂੰ ਥਾਣੇ ਲੈ ਕੇ ਜਾਣ ਲੱਗੇ ਤਾਂ ਉਹ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਦਾ ਰਿਹਾ। ਮੁਲਜ਼ਮ ਨੂੰ ਡਾਕਟਰੀ ਮੁਆਇਨਾ ਕਰਨ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਪੁਲਿਸ ਉਕਤ ਸ਼ਰਾਬੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।

-----------

ਜੇਕਰ ਗੱਡੀਆਂ ਵਿਚ ਸ਼ਰਾਬ ਪਿਆਉਣ ਵਾਲੇ ਦੁਕਾਨਦਾਰਾਂ 'ਤੇ ਸ਼ਿਕੰਜਾ ਨਾ ਕੱਸਿਆ ਤਾਂ ਭਵਿੱਖ ਵਿਚ ਵੀ ਹੋਵੇਗਾ ਅਜਿਹਾ ਹੀ ਕੰਮ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜੇਕਰ ਪੀਪੀਆਰ ਮਾਰਕੀਟ ਵਿਚ ਉਨ੍ਹਾਂ ਦੁਕਾਨਦਾਰਾਂ 'ਤੇ ਸ਼ਿਕੰਜਾ ਨਾ ਕੱਸਿਆ ਜੋ ਗੱਡੀਆਂ ਵਿਚ ਨੌਜਵਾਨਾਂ ਨੂੰ ਸ਼ਰਾਬ ਪਿਆਉਣ ਦਾ ਕੰਮ ਕਰਦੇ ਹਨ ਤਾਂ ਭਵਿੱਖ ਵਿਚ ਅਜਿਹੇ ਕਾਰਨਾਮੇ ਫਿਰ ਤੋਂ ਦੇਖਣ ਨੂੰ ਮਿਲਣਗੇ। ਉਕਤ ਦੁਕਾਨਦਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਦਦ ਨਾਲ ਸ਼ਰੇ੍ਹਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਪੀਪੀਆਰ ਮਾਰਕੀਟ ਵਿਚ ਜਿਸ ਦਿਨ ਕੋਈ ਇਮਾਨਦਾਰ ਪੁਲਿਸ ਅਧਿਕਾਰੀ ਛਾਪੇਮਾਰੀ ਕਰਨੀ ਚਾਹੁੰਦਾ ਹੈ ਤਾਂ ਇਸ ਦੀ ਸੂਚਨਾ ਉਕਤ ਕਾਲੀਆਂ ਭੇਡਾਂ ਪਹਿਲਾਂ ਹੀ ਦੁਕਾਨਦਾਰਾਂ ਤਕ ਪਹੁੰਚਾ ਦਿੰਦੀਆਂ ਹਨ। ਇਸ ਤੋਂ ਬਾਅਦ ਛਾਪੇਮਾਰੀ ਵਾਲੇ ਦਿਨ ਉਹ ਦੁਕਾਨਾਂ 'ਤੇ ਸ਼ਰਾਬ ਪਿਆਉਣੀ ਬੰਦ ਕਰ ਦਿੰਦੇ ਹਨ ਅਤੇ ਪੁਲਿਸ ਖਾਲੀ ਹੱਥੀਂ ਵਾਪਸ ਪਰਤ ਜਾਂਦੀ ਹੈ। ਪੁਲਿਸ ਜੇਕਰ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਪੀਪੀਆਰ ਮਾਰਕੀਟ ਵਿਚ ਵੀ ਸ਼ਾਂਤੀ ਬਹਾਲ ਹੋ ਸਕਦੀ ਹੈ।