ਰਾਜ ਕੁਮਾਰ ਨੰਗਲ, ਫਿਲੌਰ : ਗੰਨਾ ਪਿੰਡ 'ਚ ਖੂਹ 'ਤੇ ਸੁੱਤੇ ਦਾਦੇ ਤੇ ਪੋਤੇ ਨੂੰ ਮੰਜੇ ਨਾਲ ਬੰਨ੍ਹ ਕੇ ਲੁਟੇਰੇ ਤਿੰਨ ਪਸ਼ੂ ਗੱਡੀ 'ਚ ਲੱਦ ਕੇ ਫਰਾਰ ਹੋ ਗਏ। ਘਟਨਾ ਦਾ ਉਸ ਵੇਲੇ ਪਤਾ ਲੱਗਾ, ਜਦੋਂ ਲੁਟੇਰਿਆਂ ਦੇ ਜਾਣ ਤੋਂ ਬਾਅਦ ਦਾਦੇ-ਪੋਤੇ ਨੇ ਮਦਦ ਲਈ ਰੌਲਾ ਪਾਇਆ। ਖੂਹ ਦੇ ਸਾਹਮਣੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਖੋਲਿ੍ਹਆ। ਮੌਕੇ 'ਤੇ ਪੁੱਜੇ ਲਖਵਿੰਦਰ ਮੋਤੀਪੁਰ ਖਾਲਸਾ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।

ਲਹਿੰਬਰ ਰਾਮ ਤੇ ਉਸ ਦੇ ਪੋਤੇ ਜਸਕਰਨ ਨੇ ਦੱਸਿਆ ਕਿ ਉਹ ਵੀਰਵਾਰ ਰਾਤ ਨੂੰ ਆਪਣੇ ਖੂਹ 'ਤੇ ਪਸ਼ੂਆਂ ਦੀ ਰਖਵਾਲੀ ਲਈ ਸੌਣ ਵਾਸਤੇ ਆਏ। ਉਹ ਸੁੱਤੇ ਪਏ ਸਨ ਤਾਂ ਅੱਧੀ ਰਾਤ ਨੂੰ ਟਾਟਾ 407 ਗੱਡੀ 'ਚ ਸਵਾਰ ਚਾਰ ਵਿਅਕਤੀ ਆਏ। ਲਹਿੰਬਰ ਰਾਮ ਨੂੰ ਜਗਾ ਕੇ ਉਸ ਕੋਲੋਂ ਪਾਣੀ ਗੱਡੀ ਵਿਚ ਪਵਾ ਕੇ ਉਥੋਂ ਚੱਲ ਗਏ। ਿਫ਼ਰ ਅਚਾਨਕ ਵਾਪਸ ਆਣ ਕੇ ਉਥੇ ਲੇਟੇ ਹੋਏ ਦਾਦੇ-ਪੋਤੇ ਨੂੰ ਮੰਜੇ 'ਤੇ ਰੱਸੀਆਂ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਕੁੱਟਣ ਤੋਂ ਬਾਅਦ ਖੂਹ 'ਤੇ ਬੰਨ੍ਹੇ ਹੋਏ ਤਿੰਨ ਪਸ਼ੂ ਗੱਡੀ ਟਾਟਾ 407 ਵਿਚ ਲੱਦ ਕੇ ਲੈ ਗਏ। ਲਹਿੰਬਰ ਰਾਮ ਨੇ ਦੱਸਿਆ ਕਿ ਉਹ ਤੇ ਪੋਤਾ ਜਸਕਰਨ ਇੰਨੇ ਡਰ ਗਏ ਕਿ ਕੁਝ ਬੋਲ ਨਾ ਸਕੇ। ਲੁਟੇਰਿਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਇਆ ਤਾਂ ਸਾਹਮਣੇ ਘਰ ਵਾਲੇ ਰੌਲਾ ਸੁਣ ਕੇ ਉਥੇ ਆਏ ਅਤੇ ਦੋਵਾਂ ਨੂੰ ਖੋਲਿ੍ਹਆ। ਬਜ਼ੁਰਗ ਨੇ ਦੱਸਿਆ ਕਿ ਲੁਟੇਰੇ ਜਿਹੜੀਆਂ ਤਿੰਨ ਮੱਝਾਂ ਲੈ ਗਏ, ਉਨ੍ਹਾਂ ਦੀ ਕੀਮਤ ਦੋ ਢਾਈ ਲੱਖ ਦੇ ਕਰੀਬ ਬਣਦੀ ਹੈ। ਲਖਵਿੰਦਰ ਮੋਤੀਪੁਰ ਖਾਲਸਾ ਨੇ ਫਿਲੌਰ ਪੁਲਿਸ ਨੂੰ ਫੋਨ ਕੀਤਾ ਤਾਂ ਐੱਸਆਈ ਤਿਲਕ ਰਾਜ ਤੇ ਏਐੱਸਆਈ ਭੁਪਿੰਦਰ ਸਿੰਘ ਮੌਕੇ 'ਤੇ ਪੁੱਜੇ। ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਕੇ ਚੋਰੀ ਦਾ ਪਤਾ ਕਰ ਰਹੀ ਹੈ। ਐੱਸਆਈ ਤਿਲਕ ਰਾਜ ਨੇ ਦੱਸਿਆ ਕਿ ਲੁਟੇਰੇ ਜਲਦ ਕਾਬੂ ਕਰ ਲਏ ਜਾਣਗੇ।