ਰਾਕੇਸ਼ ਗਾਂਧੀ, ਜਲੰਧਰ : ਸੀਆਈਏ ਦਿਹਾਤ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਦਿਆਲਪੁਰ ਜੀਟੀ ਰੋਡ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਆਲਟੋ ਕਾਰ ਤੇ ਘੁੰਮ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਨੌਜਵਾਨ ਦੀ ਗ੍ਰਿਫਤਾਰੀ ਨਾਲ ਪਿਛਲੇ ਸਾਲ ਅਕਤੂਬਰ ਮਹੀਨੇ ਫਿਲੌਰ 'ਚ ਹੋਏ ਚਿੰਟੂ ਬਲਾਈਂਡ ਮਰਡਰ ਕੇਸ ਦੀ ਗੁੱਥੀ ਵੀ ਸੁਲਝ ਗਈ ਹੈ ਜਿਸ ਨੂੰ ਨਸ਼ੇ ਦੇ ਸਮੱਗਲਰ ਨਵਪ੍ਰੀਤ ਸਿੰਘ ਉਰਫ ਨਵੀ ਨੇ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ।

ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਕਰਤਾਰਪੁਰ 'ਚ ਨਾਕਾਬੰਦੀ ਕੀਤੀ ਹੋਈ ਸੀ। ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਗੈਂਗਸਟਰ ਕੱਵਲਜੀਤ ਸਿੰਘ ਉਰਫ਼ ਕਮਲ ਪੁੱਤਰ ਰਛਪਾਲ ਸਿੰਘ ਵਾਸੀ ਫਿਰੋਜ਼ਪੁਰ ਆਲਟੋ ਗੱਡੀ ਨੰਬਰ ਪੀ ਬੀ 08 ਸੀ ਅੇਚ 5324 'ਚ ਸਾਥੀ ਜੁਗਰਾਜ ਸਿੰਘ ਨੂੰ ਜੰਡਿਆਲਾ ਗੁਰੂ ਛੱਡਣ ਤੋਂ ਬਾਅਦ ਵਾਪਸ ਕਰਤਾਰਪੁਰ ਆ ਰਿਹਾ ਹੈ ਤੇ ਉਸ ਕੋਲ ਅਸਲਾ ਵੀ ਹੈ। ਜਿਉਂ ਹੀ ਉਕਤ ਨੰਬਰ ਦੀ ਗੱਡੀ ਨਾਕੇ ਤੋਂ ਲੰਘਣ ਲੱਗੀ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਾਲਕ ਨੇ ਗੱਡੀ ਰੋਕੀ ਤਾਂ ਪੁਲਿਸ ਪਾਰਟੀ ਨੇ ਚਾਲਕ ਕੋਲੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕੰਵਲਜੀਤ ਸਿੰਘ ਉਰਫ਼ ਕਮਲ ਦੱਸਿਆ ਤਾਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਦੇ ਡੱਬ 'ਚੋਂ ਇੱਕ 30 ਬੋਰ ਦਾ ਪਿਸਟਲ ਤੇ ਚਾਰ ਕਾਰਤੂਸ ਬਰਾਮਦ ਹੋਏ। ਕਾਰ ਬਾਰੇ ਪੁੱਛਿਆ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਆਲਟੋ ਗੱਡੀ ਉਸ ਨੇ ਆਪਣੇ ਸਾਥੀਆਂ ਹਰਪ੍ਰੀਤ ਸਿੰਘ ਉਰਫ ਟਿੱਡੀ, ਸਤਵੰਤ ਸਿੰਘ ਤੇ ਅਨੁਜ ਅਰੋੜਾ ਨਾਲ ਮਿਲ ਕੇ 4/10/19 ਨੂੰ ਪਿਸਤੌਲ ਦੀ ਨੋਕ 'ਤੇ ਲਾਂਬੜਾ ਤੋਂ ਖੋਹੀ ਸੀ। ਇਸੇ ਗੱਡੀ ਵਿਚ ਹੀ ਉਨ੍ਹਾਂ 31 ਅਕਤੂਬਰ 2019 ਨੂੰ ਫਿਲੌਰ 'ਚ ਹਰਪ੍ਰੀਤ ਸਿੰਘ ਉਰਫ਼ ਚਿੰਟੂ ਨੂੰ 13 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਕਤਲ 'ਚ ਉਨ੍ਹਾਂ ਵੱਲੋਂ ਇਕ ਕੀ-ਬੋਰਡ ਦਾ ਪਿਸਟਲ ਅਤੇ ਇਕ ਐੱਮਐੱਮ ਦਾ ਪਿਸਟਲ ਵਰਤਿਆ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।

Posted By: Seema Anand