ਰਾਕੇਸ਼ ਗਾਂਧੀ, ਜਲੰਧਰ : ਕੋਵਿਡ-18 ਕਾਰਨ ਪੰਜਾਬ ਸਰਕਾਰ ਵੱਲੋਂ ਰਾਤੀ ਘਰੋਂ ਨਿਕਲਣ 'ਤੇ ਪਾਬੰਦੀ ਲਗਾਈ ਗਈ ਹੈ ਤੇ ਹਰੇਕ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਤੇ ਜੇਕਰ ਕੋਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸ਼ਾਇਦ ਚੋਣਾਂ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਤੇ ਉਹ ਬਿਨਾਂ ਕਿਸੇ ਡਰ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਵੀ ਚੋਰਾਂ ਨੇ ਥਾਣਾ ਨੰਬਰ ਚਾਰ ਦੀ ਹੱਦ 'ਚ ਪੈਂਦੇ ਵਿਜੈ ਨਗਰ 'ਚ ਸਥਿਤ ਇਕ ਸੀਏ ਦੇ ਘਰ ਉਸ ਵੇਲੇ ਧਾਵਾ ਬੋਲ ਕੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ, ਜਦੋਂ ਉਹ ਪਰਿਵਾਰ ਸਮੇਤ ਸ਼ਹਿਰੋਂ ਬਾਹਰ ਗਏ ਹੋਏ ਸਨ।

ਇਸ ਸਬੰਧੀ ਸੀਏ ਅਨਿਲ ਸਿੱਕਾ ਵਾਸੀ ਵਿਜੈ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਪਰਿਵਾਰ ਸਮੇਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਸ਼ਹਿਰੋਂ ਬਾਹਰ ਗਏ ਹੋਏ ਸਨ ਤੇ ਕੋਠੀ ਨੂੰ ਤਾਲਾ ਲੱਗਾ ਹੋਇਆ ਸੀ। ਸੋਮਵਾਰ ਸਵੇਰੇ ਜਦੋਂ ਉਹ ਘਰ ਪਹੁੰਚੇ ਤਾਂ ਮੁੱਖ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਸਾਰੇ ਕਮਰਿਆਂ 'ਚ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਦੇ ਲਾਕਰ ਟੁੱਟੇ ਪਏ ਸਨ। ਚੋਰ ਗੇਟ ਦੇ ਨਾਲ ਲੱਗਦੀ ਕੰਧ ਟੱਪ ਕੇ ਅੰਦਰ ਆਏ ਤੇ ਦਰਵਾਜ਼ੇ ਦੇ ਨਾਲ ਲੱਗਦੀ ਬਾਰੀ ਨੂੰ ਤੋੜ ਕੇ ਅੰਦਰ ਵੜ ਗਏ।

ਅਨਿਲ ਸਿੱਕਾ ਨੇ ਦੱਸਿਆ ਕਿ ਚੋਰ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ, ਲੱਖਾਂ ਦੀ ਨਕਦੀ ਤੇ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਚਾਰ ਦੇ ਮੁਖੀ ਸਬ ਇੰਸਪੈਕਟਰ ਰਛਪਾਲ ਸਿੰਘ ਪੁਲਿਸ ਪਾਰਟੀ ਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਗਲੀ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਨ। ਉਮੀਦ ਹੈ ਕਿ ਚੋਰੀ ਕਰਨ ਵਾਲੇ ਉਕਤ ਕਿਸੇ ਕੈਮਰੇ ਵਿੱਚ ਕੈਦ ਹੋਏ ਹੋਣ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Seema Anand